ਕਿਸ਼ਨਗੜ੍ਹ, 18 ਜੁਲਾਈ (ਹੁਸਨ ਲਾਲ) - ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਅਤੇ ਕੈਸ਼ੀਅਰ ਬਲਜੀਤ ਸਿੰਘ ਘੋੜਾਵਾਹੀ ਨੇ ਜਾਣਕਾਰੀ ਦਿੰਦਿਆਂ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਵੇਲੇ ਝੋਨੇ ਦੀ ਫ਼ਸਲ ਦੀ ਬਿਜਾਈ ਲਗਭਗ 90 ਤੋਂ 95% ਹੋ ਗਈ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਦੀਆਂ ਹਦਾਇਤਾਂ ਮੁਤਾਬਿਕ ਜੋ ਝੋਨੇ ਦੀਆਂ ਕਿਸਮਾਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ 30 ਤੋਂ 35 ਦਿਨ ਦੇ ਵਿਚ ਵਿਚ ਯੂਰੀਆ ਖਾਦ ਦੀ ਪੂਰੀ ਖ਼ੁਰਾਕ ਪਾਉਣੀ ਹੁੰਦੀ ਹੈ ਪਰ ਅੱਜ ਪੂਰੇ ਪੰਜਾਬ ਦੀਆਂ ਕੋਆਪਰੇਟਿਵ ਸਹਿਕਾਰੀ ਸੁਸਾਇਟੀਆਂ ਵਿਚ ਯੂਰੀਆ ਖਾਦ ਲੋੜੀਂਦੀ ਮਾਤਰਾ 'ਚ ਉਪਲਬਧ ਨਹੀਂ ਹੈ | ਜੇਕਰ ਪ੍ਰਾਈਵੇਟ ਡੀਲਰਾਂ ਦੇ ਕੋਲ ਯੂਰੀਆ ਖਾਦ ਹੈ ਤਾਂ ਉਹ ਯੂਰੀਆ ਖਾਦ ਦੇ ਨਾਲ ਸਲਫ਼ਰ ਨੈਨੋ ਯੂਰੀਆ ਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਕਿਸਾਨਾਂ ਦੇ ਸਿਰ ਮੜ੍ਹ ਕੇ ਕਿਸਾਨਾਂ ਦਾ ਆਰਥਿਕ ਸੋਸ਼ਣ ਕਰ ਰਹੇ ਹਨ ਉੱਥੇ ਹੀ ਕਿਸਾਨ ਦੀ ਫ਼ਸਲ ਜੋ ਕਿ ਛੇ ਮਹੀਨੇ ਬਾਅਦ ਆਉਣੀ ਹੈ | ਉਸ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ਖੇਤੀਬਾੜੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਇਸ ਸੰਬੰਧੀ ਕਿਸੇ ਵੀ ਪ੍ਰਾਈਵੇਟ ਡੀਲਰ ਦੀ ਚੈਕਿੰਗ ਨਹੀਂ ਹੋ ਰਹੀ | ਜੇਕਰ ਯੂਰੀਆ ਖਾਦ ਲੇਟ ਪੈਂਦੀ ਹੈ ਤਾਂ ਝੋਨੇ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਤੇ ਉਸ ਦੀ ਕੁਆਲਿਟੀ ਵੀ ਠੀਕ ਨਹੀਂ ਰਹੇਗੀ | ਫਿਰ ਮੰਡੀਆਂ ਵਿਚ ਕਿਸਾਨ ਦੀ ਅੰਨ੍ਹੀ ਲੁੱਟ ਯਕੀਨੀ ਹੋਵੇਗੀ | ਇਸ ਲਈ ਕਿਸਾਨ ਨੂੰ ਦੋਹਰੀ ਮਾਰ ਝੱਲਣੀ ਪਵੇਗੀ | ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਪੁਰਜ਼ੋਰ ਗੁਹਾਰ ਲਗਾਉਂਦੀ ਹੈ ਕਿ ਕਿਸਾਨਾਂ ਦੀ ਯੂਰੀਏ ਖਾਦ ਦੀ ਘਾਟ ਦੀ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕਰਵਾਇਆ ਜਾਵੇ | ਅਗਰ ਇਸ ਵੱਲ ਧਿਆਨ ਨਾਲ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਵਿਚ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਚੀਫ਼ ਐਗਰੀਕਲਚਰ ਦੇ ਦਫ਼ਤਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਖੇਤੀਬਾੜੀ ਮਹਿਕਮੇ ਦੀ ਨਿੱਜੀ ਤੌਰ 'ਤੇ ਹੋਵੇਗੀ |