ਸ਼ਾਹਕੋਟ, 15 ਜੁਲਾਈ (ਨਗਿੰਦਰ ਸਿੰਘ ਬਾਂਸਲ)- ਦੁਆਬਾ ਪੰਜਾਬੀ ਸੱਥ ਸ਼ਾਹਕੋਟ ਵਲੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸ਼ਾਹਕੋਟ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਜਰਨੈਲ ਕੁਹਾੜ ਦੇ ਨਾਵਲ 'ਰੁੜ੍ਹ ਚੱਲਿਆ ਪੰਜਾਬ' ਦਾ ਦੂਜਾ ਐਡੀਸ਼ਨ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਸੱਥ ਦੇ ਜਨਰਲ ਸਕੱਤਰ ਹੈਪੀ ਸ਼ਾਹਕੋਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਰਨੈਲ ਕੁਹਾੜ ਦੇ ਬਹੁ ਚਰਚਿਤ ਨਾਵਲ 'ਰੁੜ੍ਹ ਚੱਲਿਆ ਪੰਜਾਬ' ਦੇ ਪਹਿਲੇ ਐਡੀਸ਼ਨ ਦੀਆਂ 1100 ਕਾਪੀਆਂ ਪਾਠਕਾਂ ਹੱਥ ਪਹੁੰਚ ਜਾਣ ਤੋਂ ਬਾਅਦ ਵੀ ਨਾਵਲ ਦੀ ਮੰਗ ਬਰਕਰਾਰ ਸੀ | ਇਸ ਲਈ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਨਾਵਲ ਦਾ ਦੂਜਾ ਐਡੀਸ਼ਨ ਛਪਵਾਇਆ ਗਿਆ ਹੈ | ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ ਸ਼ਾਹਕੋਟ ਨੇ ਨਾਵਲਕਾਰ ਜਰਨੈਲ ਕੁਹਾੜ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ | ਇਸ ਮੌਕੇ ਸਮਾਗਮ ਵਿਚ ਹਾਜ਼ਰ ਕਵੀਆਂ ਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਬਾਲ ਸਾਹਿਤ ਲੇਖਕ ਅਮਰਪ੍ਰੀਤ ਸਿੰਘ ਝੀਤਾ ਨੇ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਕਵੀ ਮੋਹਨ ਮਤਿਆਲਵੀ, ਸ਼ਾਇਰ ਭਜਨ ਸਿੰਘ ਆਦੀ, ਸ਼ਾਇਰਾ ਸਰਬਜੀਤ ਕੌਰ ਹਾਜੀਪੁਰ, ਕਰਨੈਲ ਸਿੰਘ, ਸੰਜੀਵ ਸ਼ਰਮਾ, ਗੁਰਦੀਪ ਸਿੰਘ ਸਾਹਲਾਪੁਰੀ, ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਦੇ ਸੰਚਾਲਕ ਸੁਖਪਾਲ ਸਿੰਘ ਦੇਵਗੁਣ ਤੇ ਸੁਰਿੰਦਰ ਕੌਰ ਦੇਵਗੁਣ ਆਦਿ ਹਾਜ਼ਰ ਸਨ |