17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਰਸਾਤੀ ਮੌਸਮ ਦੌਰਾਨ ਸਿਵਲ ਹਸਪਤਾਲ 'ਚ ਰੋਜ਼ਾਨਾ ਆ ਰਹੇ ਸੱਪ ਡੰਗਣ ਦੇ ਮਾਮਲੇ <br/>

ਅਜੀਤ ਡੈਸਕ 16-07-2025

ਐੱਮ. ਐੱਸ. ਲੋਹੀਆ
ਜਲੰਧਰ, 15 ਜੁਲਾਈ - ਬਰਸਾਤੀ ਮੌਸਮ ਦੀ ਸ਼ੁਰੂਆਤ ਦੇ ਨਾਲ-ਨਾਲ ਹੀ ਰੋਜ਼ਾਨਾ ਸਿਵਲ ਹਸਪਤਾਲ 'ਚ ਸੱਪ ਦੇ ਡੰਗਣ ਦੇ ਮਾਮਲੇ ਵੀ ਆਉਣ ਲੱਗੇ ਹਨ | ਮਿਲੀ ਜਾਣਕਾਰੀ ਅਨੁਸਾਰ 1 ਮਈ ਤੋਂ 15 ਜੁਲਾਈ ਤੱਕ ਸਿਵਲ ਹਸਪਤਾਲ 'ਚ ਸੱਪ ਦੇ ਡੰਗਣ ਦੇ ਕੁੱਲ 85 ਮਰੀਜ਼ ਆਏ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਦੀ ਹਾਲਤ ਗੰਭੀਰ ਹੋਣ ਕਰਕੇ ਮੌਤ ਹੋ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਮਈ ਮਹੀਨੇ 'ਚ ਸੱਪ ਡੰਗਣ ਦੇ 13 ਮਾਮਲੇ ਅਤੇ ਜੂਨ ਮਹੀਨੇ 'ਚ ਇਹ ਗਿਣਤੀ 35 ਸੀ, ਜਦਕਿ ਜੁਲਾਈ 'ਚ ਹਰ ਦਿਨ 2-3 ਮਾਮਲੇ ਸਾਹਮਣੇ ਆਉਣ ਕਰਕੇ 15 ਜੁਲਾਈ ਤੱਕ ਹੀ 37 ਮਾਮਲੇ ਰਿਪੋਰਟ ਹੋਏ ਹਨ | ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜਿਵੇਂ ਇਨ੍ਹਾਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਅੱਗੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ | ਮਾਹਿਰਾਂ ਨੇ ਦੱਸਿਆ ਕਿ ਪੇਂਡੂ ਖੇਤਰ ਅਤੇ ਉਦਯੋਗਿਕ ਖੇਤਰ 'ਚੋਂ ਸੱਪ ਡੰਗਣ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ | ਸਿਵਲ ਹਸਪਤਾਲ ਦੇ ਈ.ਐਮ.ਓ. ਡਾ. ਹਰਵੀਨ ਕੌਰ ਨੇ ਜਾਣਕਾਰੀ ਦਿੱਤੀ ਕਿ ਸੱਪ ਦੇ ਡੰਗਣ ਦਾ ਮਾਮਲਾ ਉਦੋਂ ਗੰਭੀਰ ਹੋ ਜਾਂਦਾ ਹੈ, ਜਦੋਂ ਮਰੀਜ਼ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਆਉਣ ਦੀ ਬਜਾਏ ਟੋਟਕਿਆਂ ਅਤੇ ਘਰੇਲੂ ਇਲਾਜ 'ਚ ਸਮਾਂ ਖ਼ਰਾਬ ਕਰ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਪਹੁੰਚਾਇਆ ਜਾਵੇ, ਤਾਂ ਡਾਕਟਰ ਉਸ ਨੂੰ ਐਂਟੀ ਸਨੇਕ ਵੈਨਮ ਦੇ ਕੇ ਮਰੀਜ਼ ਦੀ ਜਾਨ ਬਚਾ ਸਕਦੇ ਹਨ | ਡਾ. ਹਰਵੀਨ ਕੌਰ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਜ਼ਰੂਰਤ ਅਨੁਸਾਰ ਐਂਟੀ ਸਨੇਕ ਵੈਨਮ ਉਪਲਬਧ ਹੈ, ਇਸ ਤੋਂ ਇਲਾਵਾ ਪ੍ਰਾਈਮਰੀ ਹੈੱਲਥ ਸੈਂਟਰਾਂ 'ਚ ਵੀ ਐਂਟੀ ਸਨੇਕ ਵੈਨਮ ਉਪਲਬਧ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਰੀਜ਼ ਜੇਕਰ ਨਜ਼ਦੀਕੀ ਸਿਹਤ ਕੇਂਦਰ ਪਹੁੰਚ ਕੇ ਆਪਣਾ ਮੁੱਢਲਾ ਇਲਾਜ ਕਰਵਾ ਲਵੇ, ਤਾਂ ਉਹ ਸੱਪ ਡੰਗਣ ਦੇ ਖ਼ਤਰੇ ਤੋਂ ਬੱਚ ਸਕਦਾ ਹੈ, ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੋਵੇ ਤਾਂ ਉਸ ਨੂੰ ਤੁਰੰਤ ਪ੍ਰਾਈਮਰੀ ਹੈੱਲਥ ਸੈਂਟਰ ਤੋਂ ਉੱਚ ਦਰਜੇ ਦੇ ਹਸਪਤਾਲ 'ਚ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਤਾਲ 'ਚ ਸੱਪ ਦੇ ਡੰਗਣ ਦਾ ਇਲਾਜ ਕਰਨ ਲਈ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਮੌਜੂਦ ਹੈ, ਉੱਥੇ ਵੈਂਟੀਲੇਟਰ ਅਤੇ ਹੋਰ ਸਹੂਲਤਾਂ ਵੀ ਉਪਲਬਧ ਹਨ ਅਤੇ ਇਹ ਸਭ ਬਿਲਕੁੱਲ ਮੁਫ਼ਤ 'ਚ ਦਿੱਤੀਆਂ ਜਾਂਦੀਆਂ ਹਨ |

ਪਿਛਲੀ ਖ਼ਬਰ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਲੱਗਾ... ਅਗਲੀ ਖ਼ਬਰ ਜੀ.ਐਸ.ਟੀ. ਛਾਪਿਆਂ ਦੇ ਵਿਰੋਧ 'ਚ ਕਾਂਗਰਸ ਵਲੋਂ ਪੁਤਲਾ ਫੂਕ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।