04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਤਲ ਦੇ ਮਾਮਲੇ 'ਚ 13 ਸਾਲਾਂ ਤੋਂ ਫ਼ਰਾਰ ਚੱਲ ਰਿਹਾ ਮੁਲਜ਼ਮ ਕਾਬੂ

ਅਜੀਤ ਡੈਸਕ 07-12-2025
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)-ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਇਕ ਕਤਲ ਦੇ ਮਾਮਲੇ 'ਚ 13 ਸਾਲਾਂ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਮੁਲਜ਼ਮ 'ਤੇ ਪੁਲਿਸ ਵਲੋਂ 5 ਹਜ਼ਾਰ ਰੁ. ਦਾ ਇਨਾਮ ਰੱਖਿਆ ਗਿਆ ਸੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਰਜਤ ਗੁਲੀਆ ਨੇ ਦੱਸਿਆ ਕਿ ਐਸ. ਪੀ. ਕਮਲਦੀਪ ਗੋਇਲ ਨੇ ਕਤਲ ਵਰਗੇ ਗੰਭੀਰ ਅਪਰਾਧਾਂ 'ਚ ਭਗੌੜੇ ਚੱਲ ਰਹੇ ਮੁਲਜ਼ਮਾਂ ਨੂੰ ਕਾਬੂ ਕਰਨ ਸੰਬੰਧੀ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ, ਜਿਸ ਦੇ ਚਲਦਿਆਂ ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਐਸ. ਆਈ. ਰਾਜ ਕੁਮਾਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਕਪਿਲ, ਏ. ਐਸ. ਆਈ. ਸੁਖਦੇਵ ਸਿੰਘ, ਹੈੱਡ ਕਾਂਸਟੇਬਲ ਕੁਲਦੀਪ ਸਿੰਘ, ਬਿ੍ਜਪਾਲ ਤੇ ਸਤਬੀਰ ਸਿੰਘ 'ਤੇ ਆਧਾਰਿਤ ਟੀਮ ਵਲੋਂ ਬੀਤੇ ਕੱਲ੍ਹ ਅਭਿਸ਼ੇਕ ਉਰਫ਼ ਸੰਨੀ ਪੁੱਤਰ ਕਸ਼ਮੀਰਾ ਸਿੰਘ ਵਾਸੀ ਤੀਰਥ ਨਗਰ ਕੀ ਟੱਪਰੀਆਂ ਥਾਣਾ ਸਦਰ ਯਮੁਨਾਨਗਰ, ਜਿਸ 'ਤੇ 5 ਹਜ਼ਾਰ ਰੁ. ਦਾ ਇਨਾਮ ਰੱਖਿਆ ਗਿਆ ਸੀ, ਨੂੰ ਮੰਡੋਲੀ ਮੋੜ ਤੋਂ ਕਾਬੂ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਅਭਿਸ਼ੇਕ ਉਰਫ਼ ਸੰਨੀ ਨੇ ਖੁਲਾਸਾ ਕੀਤਾ ਹੈ ਕਿ 27 ਨਵੰਬਰ 2013 ਨੂੰ ਕਿਸੇ ਰੰਜਿਸ਼ ਕਾਰਨ ਉਸ ਸਮੇਤ ਉਸ ਦੇ 14 ਸਾਥੀਆਂ ਨੇ ਤੀਰਥ ਨਗਰ ਦੇ ਰਹਿਣ ਵਾਲੇ ਮੋਹਿਤ ਰਾਣਾ ਨੂੰ ਅਗਵਾ ਕਰ ਲਿਆ ਸੀ, ਜਿਸ ਦੀ ਕੁੱਟਮਾਰ ਕਰਨ ਉਪਰੰਤ ਉਸ ਨੂੰ ਕਾਰ ਦੇ ਪਿੱਛੇ ਬੰਨ੍ਹ ਕੇ ਘੜੀਸੀਆ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਲਾਸ਼ ਨੂੰ ਸੜਕ 'ਤੇ ਹੀ ਸੁੱਟ ਦਿੱਤਾ ਸੀ | ਇਸ ਮਾਮਲੇ 'ਚ ਪੁਲਿਸ ਨੇ ਉਸ ਸਮੇਂ 13 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਉਰਫ਼ ਸੰਨੀ ਇਸ ਘਟਨਾ ਤੋਂ ਬਾਅਦ ਸਾਧੂ ਦੇ ਭੇਸ 'ਚ ਹਰਿਦੁਆਰ, ਵਾਰਾਣਸੀ ਅਤੇ ਹੋਰਨਾਂ ਥਾਵਾਂ 'ਤੇ ਛੁਪਿਆ ਰਿਹਾ | ਇਸ ਤੋਂ ਇਲਾਵਾ ਮੁਲਜ਼ਮ ਅਭਿਸ਼ੇਕ ਉਰਫ਼ ਸੰਨੀ ਵਿਰੁੱਧ ਸਰੀਰਕ ਹਿੰਸਾ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ | ਉਕਤ ਕਤਲ ਮਾਮਲੇ 'ਚ ਅਦਾਲਤ ਵਲੋਂ 25 ਨਵੰਬਰ 2014 ਨੂੰ ਅਭਿਸ਼ੇਕ ਉਰਫ਼ ਸੰਨੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਪੁਲਿਸ ਵਲੋਂ ਉਸ ਦੇ ਸਿਰ 'ਤੇ 5 ਹਜ਼ਾਰ ਰੁ. ਦਾ ਇਨਾਮ ਰੱਖਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਉਰਫ਼ ਸੰਨੀ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਐਮ.ਪੀ. ਨਵੀਨ ਜਿੰਦਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ-ਰਾਮ ਕੁਮਾਰ ਕਸ਼ਯਪ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।