ਕਰਨਾਲ, 3 ਦਸੰਬਰ (ਗੁਰਮੀਤ ਸਿੰਘ ਸੱਗੂ )-ਨੈਸ਼ਨਲ ਹਾਈਵੇ 'ਤੇ ਬੁੱਧਵਾਰ ਸਵੇਰੇ ਚੰਡੀਗੜ੍ਹ ਤੋਂ ਦਿੱਲੀ ਵੱਲ ਜਾ ਰਿਹਾ ਇਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਡਿਵਾਈਡਰ ਤੋੜਦਾ ਹੋਇਆ ਦੂਜੀ ਲੇਨ ਵਿਚ ਘੁੱਸ ਗਿਆ | ਇਸ ਦੌਰਾਨ ਟਰੱਕ ਨੇ ਸਾਹਮਣੇ ਤੋਂ ਆ ਰਹੀਆਂ ਤਿੰਨ ਗੱਡੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਿਚ ਪੰਜਾਬ ਰੋਡਵੇਜ਼ ਦੀ ਬੱਸ, ਇਕ ਕਾਰ ਅਤੇ ਇਕ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ | ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ 9.15 ਵਜੇ ਟਰੱਕ ਚੰਡੀਗੜ੍ਹ ਤੋਂ ਦਿੱਲੀ ਵੱਲ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ | ਅਚਾਨਕ ਡਰਾਈਵਰ ਦਾ ਕੰਟਰੋਲ ਹੱਥੋਂ ਨਿਕਲ ਗਿਆ ਅਤੇ ਟਰੱਕ ਡਿਵਾਈਡਰ ਪਾਰ ਕਰ ਦੂਜੇ ਲੇਨ ਵਿਚ ਪੈ ਗਿਆ | ਇਸ ਦੌਰਾਨ ਸਭ ਤੋਂ ਪਹਿਲਾਂ ਟਰੱਕ ਦੀ ਟੱਕਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਹੋਈ | ਇਸ ਤੋਂ ਬਾਅਦ ਟਰੱਕ ਇਕ ਮੋਟਰਸਾਈਕਲ ਨੂੰ ਦਰੜਦਾ ਹੋਇਆ ਇਕ ਕਾਰ 'ਤੇ ਜਾ ਪਲਟਿਆ | ਇਸ ਹਾਦਸੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਨੇੜਲੇ ਲੋਕ ਕੁਝ ਪਲਾਂ ਲਈ ਸਹਿਮ ਗਏ ਅਤੇ ਹਾਈਵੇ 'ਤੇ ਅਫ਼ਰਾ-ਤਫ਼ਰੀ ਮਚ ਗਈ | ਇਸ ਹਾਦਸੇ ਵਿਚ ਕਾਰ ਸਵਾਰ ਪਿਤਾ-ਪੁੱਤਰ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ | ਮਿ੍ਤਕ ਪਿਤਾ-ਪੁੱਤਰ ਅਲੀਗੜ੍ਹ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜੋ ਦਿੱਲੀ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ, ਜਦਕਿ ਮੋਟਰਸਾਈਕਲ ਸਵਾਰਾਂ ਦੀ ਪਛਾਣ 45 ਸਾਲਾ ਸੰਜੀਵ ਨਿਵਾਸੀ ਕੋਹੰਡ ਅਤੇ 43 ਸਾਲਾ ਵਿਸ਼ਾਲ ਨਿਵਾਸੀ ਘਰੌਂਡਾ ਵਜੋਂ ਹੋਈ ਹੈ, ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਵਿਚ ਬੱਸ ਸਵਾਰ ਕੁਝ ਯਾਤਰੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ | ਹਾਦਸੇ ਕਾਰਨ ਹਾਈਵੇ 'ਤੇ ਲੰਮਾ ਜਾਮ ਲੱਗ ਗਿਆ, ਕਿਉਂਕਿ ਮੌਕੇ 'ਤੇ ਵਾਹਨਾਂ ਦਾ ਮਲਬਾ ਇਧਰ ਉਧਰ ਪਿਆ ਹੋਇਆ ਸੀ | ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਐਂਬੂਲੈਂਸ ਦੀਆਂ ਟੀਮਾਂ ਨੇ ਫੌਰੀ ਤੌਰ 'ਤੇ ਮੌਕੇ 'ਤੇ ਪਹੁੰਚੀ ਕੇ ਰਾਹਤ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਮਿ੍ਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ | ਇਸ ਸੰਬੰਧੀ ਥਾਣਾ ਮੁਖੀ ਦੀਪਕ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਾਦਸੇ ਦਾ ਕਾਰਨ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਦਿਖਾਈ ਦੇ ਰਹੀ ਹੈ | ਪੁਲਿਸ ਨੇ ਮੌਕੇ ਦਾ ਨਿਰੀਖਣ ਕਰਕੇ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਅਤੇ ਟਰੈਫਿਕ ਮੁੜ ਸ਼ੁਰੂ ਕਰਵਾਇਆ | ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ 'ਤੇ ਹਾਦਸੇ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ |
ਬੇਕਾਬੂ ਹੋਏ ਤੇਜ਼ ਰਫ਼ਤਾਰ ਟਰੱਕ ਕਾਰਨ ਵਾਪਰੇ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
ਅਜੀਤ ਡੈਸਕ
04-12-2025