ਯਮੁਨਾਨਗਰ, 19 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਮੁਨਾਨਗਰ ਜ਼ਿਲ੍ਹੇ ਦੇ ਸਢੌਰਾ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਬੀਤੇ ਦਿਨ ਗੁਰਦੁਆਰਾ ਦੇਵੜੀ ਸਾਹਿਬ ਸਢੌਰਾ ਤੋਂ ਚੌਥੀ ਨਗਰ ਕੀਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ | ਇਹ ਯਾਤਰਾ ਸਰਵਾ, ਪਬਨੀ, ਮਹਾਲਾਵਾਲੀ, ਬਾਲਛੱਪਰ, ਗੁਲਾਬ ਨਗਰ ਚੌਕ, ਜਰੋਦਾ, ਭੇਡਥਲ, ਵਿਆਸਪੁਰ ਤੋਂ ਹੁੰਦੀ ਹੋਈ ਕਪਾਲਮੋਚਨ ਪਹੁੰਚੀ ਅਤੇ ਰਾਤ ਦਾ ਪੜਾਅ ਗੁਰਦੁਆਰਾ ਕਪਾਲਮੋਚਨ ਵਿਖੇ ਕੀਤਾ, ਜਿਥੋਂ ਬੁੱਧਵਾਰ ਨੂੰ ਨਗਰ ਕੀਰਤਨ ਯਾਤਰਾ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਮੇਸ਼ ਕੁਮਾਰ ਠਸਕਾ ਨੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਯਾਤਰਾ ਵਿਆਸਪੁਰ, ਚੋਰਾਹੀ, ਲਲਹਦੀ ਮੋੜ, ਲੜ੍ਹੀ, ਹਾਫਿਜ਼ਪੁਰ, ਪੁਰਾਣਾ ਬੰਸ (ਪ੍ਰਤਾਪ ਨਗਰ), ਅਨਾਜ ਮੰਡੀ (ਪ੍ਰਤਾਪ ਨਗਰ), ਚੂਹੜਪੁਰ ਕਲਾਂ, ਮਲਿਕਪੁਰ ਖੱਦਰ, ਉਰਜਾਨੀ, ਸ਼ੇਰਪੁਰ ਮੋੜ, ਛਛਰੌਲੀ ਤੋਂ ਹੁੰਦੀ ਹੋਈ ਬੁੱਢੀਆਂ ਗੁਰਧਾਮਾਂ ਵਿਖੇ ਪਹੁੰਚੇਗੀ ਅਤੇ ਇਥੇ ਹੀ ਰਾਤ ਦਾ ਪੜਾਅ ਕਰੇਗੀ | ਇਸ ਤੋਂ ਬਾਅਦ ਯਾਤਰਾ ਜ਼ਿਲ੍ਹੇ ਦੇ ਹੋਰ ਸਥਾਨਾਂ ਤੋਂ ਹੁੰਦੀ ਹੋਈ ਕੁਰੂਕਸ਼ੇਤਰ ਲਈ ਰਵਾਨਾ ਹੋਵੇਗੀ | ਇਸ ਮੌਕੇ ਗੁਰਬੀਰ ਸਿੰਘ ਸੀਨੀਅਰ ਵਧੀਕ ਪ੍ਰਧਾਨ ਐਚ. ਐਸ. ਜੀ. ਐਮ. ਸੀ., ਬਲਦੇਵ ਸਿੰਘ ਕਯਾਮਪੁਰੀ ਐਚ. ਐਸ. ਜੀ. ਐਮ. ਸੀ., ਨਰਿੰਦਰ ਸਿੰਘ ਸਕੱਤਰ ਐਚ. ਐਸ. ਜੀ. ਐਮ. ਸੀ., ਹਰਸਿਮਰਨ ਸਿੰਘ ਵਧੀਕ ਮੁੱਖ ਸਕੱਤਰ ਐਚ. ਐਸ. ਜੀ. ਐਮ. ਸੀ. ਕੁਰੂਕਸ਼ੇਤਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਵਿਆਸਪੁਰ, ਬਾਬਾ ਲਾਡੀ ਸ਼ਾਹ ਕਾਰ ਸੇਵਾ, ਬਾਬਾ ਨਿਰਮਲ ਦਾਸ, ਡੇਰਾ ਬਾਬਾ ਜੈਪਾਲ ਸਿੰਘ ਜੀ. ਡੀ. ਐਮ. ਜੀ. ਐਲ. ਤਹਿਸੀਲਦਾਰ ਰਵਿੰਦਰ ਕੁਮਾਰ, ਹਰਵਿੰਦਰ ਸਿੰਘ ਮੈਨੇਜਰ ਕਪਾਲਮੋਚਨ ਗੁਰਦੁਆਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ |