29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐਸ. ਪੀ. ਕਮਲਦੀਪ ਗੋਇਲ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਕਾਲੀਆਂ ਫ਼ਿਲਮਾਂ ਵਾਲੇ ਵਾਹਨਾਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ

ਅਜੀਤ ਡੈਸਕ 20-07-2025
ਯਮੁਨਾਨਗਰ, 19 ਜੁਲਾਈ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਦੇ ਐਸ. ਪੀ. ਕਮਲਦੀਪ ਗੋਇਲ ਨੇ ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਚੌਕਾਂ, ਬਾਜ਼ਾਰਾਂ ਅਤੇ ਮੁੱਖ ਸੜਕਾਂ 'ਤੇ ਪੁਲਿਸ ਨਾਕੇ ਲਗਾਏ ਗਏ ਹਨ, ਜਿਥੇ ਕਿ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
ਐਸ. ਪੀ. ਖ਼ੁਦ ਸੜਕਾਂ 'ਤੇ ਪਹੁੰਚੇ
ਸ਼ਨੀਵਾਰ ਸਵੇਰ ਤੋਂ ਹੀ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਖੁਦ ਸ਼ਹਿਰ ਦੇ ਵੱਖ-ਵੱਖ ਨਾਕਿਆਂ 'ਤੇ ਪਹੁੰਚੇ ਅਤੇ ਚੈਕਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ | ਉਨ੍ਹਾਂ ਨਾਲ ਦੋ ਡੀ. ਐਸ. ਪੀ. ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਉਨ੍ਹਾਂ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਦਬਾਅ ਦੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ |
ਕਾਲੀ ਫ਼ਿਲਮ ਵਾਲੇ ਵਾਹਨਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਕੀਤੀ ਹਦਾਇਤ
ਐਸ. ਪੀ. ਨੇ ਕਿਹਾ ਕਿ ਇਸ ਮੁਹਿੰਮ ਤਹਿਤ ਖਾਸ ਕਰਕੇ ਉਨ੍ਹਾਂ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਜਿਨ੍ਹਾਂ 'ਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਹਨ | ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ, ਬਹੁਤ ਸਾਰੇ ਡਰਾਈਵਰ ਆਪਣੇ ਵਾਹਨਾਂ 'ਤੇ ਗੈਰ-ਕਾਨੂੰਨੀ ਕਾਲੀਆਂ ਫਿਲਮਾਂ ਲਗਾ ਕੇ ਘੁੰਮਦੇ ਹਨ, ਜੋ ਕਿ ਸੁਰੱਖਿਆ ਦੇ ਦਿ੍ਸ਼ਟੀਕੋਣ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ | ਅਜਿਹੇ ਡਰਾਈਵਰਾਂ ਵਿਰੁੱਧ ਤੁਰੰਤ ਚਲਾਨ ਕੀਤੇ ਜਾ ਰਹੇ ਹਨ ਅਤੇ ਕਈ ਮਾਮਲਿਆਂ 'ਚ ਵਾਹਨਾਂ ਤੋਂ ਫਿਲਮ ਮੌਕੇ 'ਤੇ ਹੀ ਹਟਾ ਦਿੱਤੀ ਜਾ ਰਹੀ ਹੈ |
ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਫੈਸਲਾ : ਐਸ. ਪੀ.
ਐਸ. ਪੀ. ਗੋਇਲ ਨੇ ਕਿਹਾ ਕਿ ਕਈ ਵਾਰ ਅਪਰਾਧਿਕ ਗਤੀਵਿਧੀਆਂ ਨੂੰ ਛੁਪਾਉਣ ਲਈ ਕਾਲੀ ਫ਼ਿਲਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਇਸ ਨਾਲ ਪੁਲਿਸ ਲਈ ਨਿਗਰਾਨੀ 'ਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ ਅਤੇ ਕਈ ਵਾਰ ਅਪਰਾਧੀ ਇਸ ਦਾ ਫਾਇਦਾ ਉਠਾਉਂਦੇ ਹਨ | ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਜ਼ਿਲ੍ਹੇ 'ਚ ਕੋਈ ਵੀ ਡਰਾਈਵਰ ਕਾਲੀ ਫ਼ਿਲਮ ਲਗਾ ਕੇ ਗੱਡੀ ਨਹੀਂ ਚਲਾਏਗਾ |
ਮੁਹਿੰਮ ਦਾ ਸੜਕਾਂ 'ਤੇ ਦਿਖਾਈ ਦਿੱਤਾ ਪ੍ਰਭਾਵ
ਸ਼ਹਿਰ ਦੀਆਂ ਮੁੱਖ ਸੜਕਾਂ ਜਿਵੇਂ ਕਿ ਜਗਾਧਰੀ ਰੋਡ, ਕਨ੍ਹੱਈਆ ਸਾਹਿਬ ਚੌਕ, ਸਰੋਜਨੀ ਕਾਲੋਨੀ, ਗੋਵਿੰਦਪੁਰੀ ਅਤੇ ਮਾਡਲ ਟਾਊਨ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ | ਮੁਹਿੰਮ ਕਾਰਨ ਆਵਾਜਾਈ ਦੀ ਰਫ਼ਤਾਰ ਥੋੜ੍ਹੀ ਘੱਟ ਗਈ, ਪਰ ਲੋਕਾਂ ਨੇ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ | ਕਈ ਡਰਾਈਵਰਾਂ ਨੇ ਮੌਕੇ 'ਤੇ ਹੀ ਆਪਣੇ ਵਾਹਨਾਂ ਤੋਂ ਕਾਲੀ ਫ਼ਿਲਮ ਹਟਾ ਦਿੱਤੀ ਅਤੇ ਭਵਿੱਖ 'ਚ ਕਾਨੂੰਨ ਅਨੁਸਾਰ ਗੱਡੀ ਚਲਾਉਣ ਦਾ ਵਾਅਦਾ ਕੀਤਾ |
ਪਿਛਲੀ ਖ਼ਬਰ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ (ਪੰਜਾਬੀ) ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਸੱਦੀ ਅਗਲੀ ਖ਼ਬਰ ਸ਼ਿਆਮ ਸਿੰਘ ਰਾਣਾ ਨੇ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਲੁਆਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।