ਯਮੁਨਾਨਗਰ, 15 ਜੁਲਾਈ (ਗੁਰਦਿਆਲ ਸਿੰਘ ਨਿਮਰ)-ਮੇਅਰ ਸੁਮਨ ਬਾਹਮਣੀ ਵਲੋਂ ਕਾਂਵੜ ਯਾਤਰਾ ਦੇ ਮੱਦੇਨਜ਼ਰ ਸੜਕਾਂ 'ਤੇ ਰੌਸ਼ਨੀ ਦੇ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਪੁਰਾਣੀ ਸਹਾਰਨਪੁਰ ਸੜਕ ਦਾ ਨਿਰੀਖਣ ਕੀਤਾ | ਇਸ ਦੌਰਾਨ ਮੇਅਰ ਨੇ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਅਗਰਸੇਨ ਚੌਕ ਤੋਂ ਲੈ ਕੇ ਪਾਰਵਲੋ ਚੌਕ ਤੱਕ ਸੜਕ ਦਾ ਨਿਰੀਖਣ ਕੀਤਾ ਅਤੇ ਦੇਖਿਆ ਕਿ ਜ਼ਿਆਦਾਤਰ ਥਾਵਾਂ 'ਤੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ | ਇਸ ਸੰਬੰਧੀ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਜਿਸ ਜਗ੍ਹਾ 'ਤੇ ਰੌਸ਼ਨੀ ਨਹੀਂ ਹੈ, ਉਹ ਖੇਤਰ ਨਗਰ ਨਿਗਮ ਦੀ ਸੀਮਾ ਤੋਂ ਬਾਹਰ ਹੈ ਅਤੇ ਇਹ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ 'ਚ ਹੈ | ਇਸ ਦੇ ਚਲਦਿਆਂ ਮੇਅਰ ਸੁਮਨ ਬਾਹਮਣੀ ਨੇ ਨਿਗਮ ਦੇ ਐਸ. ਡੀ. ਓ. ਰਾਜੇਸ਼ ਕੁਮਾਰ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਐਨ. ਓ. ਸੀ. ਲੈਣ ਅਤੇ ਰਾਤ ਸਮੇਂ ਰੌਸ਼ਨੀ ਦੇ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸ਼ਿਵ ਭਗਤਾਂ ਨੂੰ ਸੜਕ ਤੋਂ ਗੁਜਰਨ ਸਮੇਂ ਕੋਈ ਪ੍ਰੇਸ਼ਾਨੀ ਨਾ ਹੋਵੇ | ਇਸ ਦੇ ਨਾਲ ਹੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਾਈਟਾਂ ਲਗਾਉਣ ਲਈ ਐਨ. ਓ. ਸੀ. ਦੇਣਗੇ | ਉਨ੍ਹਾਂ ਕਿਹਾ ਕਿ ਨਗਰ ਨਿਗਮ ਜਲਦ ਹੀ ਸੜਕ 'ਤੇ ਐਲ. ਈ. ਡੀ. ਲਾਈਟਾਂ ਲਗਾ ਕੇ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਕਰੇਗੀ | ਉਨ੍ਹਾਂ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਨਗਰ ਨਿਗਮ ਦੇ ਖੇਤਰ 'ਚ ਕਾਂਵੜੀਆਂ ਦੇ ਲੰਘਣ ਵਾਲੇ ਸਾਰੇ ਰਸਤਿਆਂ 'ਤੇ ਖ਼ਰਾਬ ਪਈਆਂ ਲਾਈਟਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ | ਇਸ ਦੇ ਨਾਲ ਹੀ ਜਿਨ੍ਹਾਂ ਰਸਤਿਆਂ 'ਤੇ ਕਾਂਵੜੀ ਆ ਰਹੇ ਹਨ, ਉਨ੍ਹਾਂ ਦੀ ਬੈਰੀਕੇਡ, ਰੱਸੀਆਂ ਅਤੇ ਖੰਭਿਆਂ ਦੀ ਵਰਤੋਂ ਕਰਕੇ ਨਿਸ਼ਾਨਦੇਹੀ ਕੀਤੀ ਜਾਵੇ, ਸ਼ਹਿਰ ਦੇ ਚੌਰਾਹਿਆਂ 'ਤੇ ਸੀ. ਸੀ. ਟੀ. ਵੀ. ਲਗਾਏ ਜਾਣ, ਕਾਂਵੜ ਕੈਂਪਾਂ ਵਿਖੇ ਮੋਬਾਈਲ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੈਂਪਾਂ ਦੇ ਆਲੇ-ਦੁਆਲੇ ਢੁਕਵੀਂ ਸਫ਼ਾਈ ਵਿਵਸਥਾ ਕਰਨ ਦੇ ਨਾਲ ਹੀ ਫੌਗਿੰਗ ਕਰਵਾਈ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਸ਼ਿਵ ਭਗਤਾਂ ਨੂੰ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ ਰਸਤੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਕਾਂਵੜ ਯਾਤਰੀਆਂ ਦੀ ਸੁਵਿਧਾ ਲਈ ਨਗਰ ਨਿਗਮ ਸਮੇਤ ਸਮੁੱਚੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ |
ਕਾਂਵੜ ਯਾਤਰੀਆਂ ਵਲੋਂ ਵਰਤੀਆਂ ਜਾਣ ਵਾਲੀਆਂ ਸੜਕਾਂ 'ਤੇ ਲਗਾਈਆਂ ਜਾਣ ਸਟਰੀਟ ਲਾਈਟਾਂ-ਸੁਮਨ ਬਾਹਮਣੀ <br/>
ਅਜੀਤ ਡੈਸਕ
16-07-2025