ਐਡੀਲੇਡ, 8 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆਈ ਲਿਬਰਲ ਪਾਰਟੀ ਨੇ ਮਾਰਚ ਵਿਚ ਹੋਣ ਵਾਲੀਆਂ ਰਾਜ ਚੋਣਾਂ ਤੋਂ ਕੇਵਲ ਤਿੰਨ ਮਹੀਨੇ ਪਹਿਲਾਂ ਐਸ਼ਟਨ ਹਰਨ ਨੂੰ ਸਰਬਸੰਮਤੀ ਨਾਲ ਆਪਣਾ ਨਵਾਂ ਨੇਤਾ ਚੁਣ ਲਿਆ ਹੈ | ਉਹ ਵਿਨਸੈਂਟ ਟਾਰਜ਼ੀਆ ਦੀ ਜਗ੍ਹਾ ਲੈਂਦੀ ਹੈ, ਜਿਨ੍ਹਾਂ ਨੇ ਹਾਲ ਹੀ ਵਿਚ ਅਸਤੀਫਾ ਦਿੱਤਾ ਸੀ | ਐਮ.ਪੀ. ਐਸ਼ਟਨ ਹਰਨ ਨੇ ਕਿਹਾ ਕਿ ਪਾਰਟੀ ਅਗਲੇ 103 ਦਿਨ ਪੂਰੀ ਤਾਕਤ ਨਾਲ ਚੋਣ ਮੁਹਿੰਮ ਵਿਚ ਜੁਟੀ ਰਹੇਗੀ | ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਭਾਈਚਾਰਕ ਸੁਰੱਖਿਆ ਅਗਲੀ ਚੋਣ ਦੇ ਸਭ ਤੋਂ ਮਹੱਤਵਪੂਰਨ ਮੁੱਦੇ ਰਹਿਣਗੇ | ਉਹ ਕਹਿੰਦੀ ਹੈ ਮੇਰੀ ਟੀਮ ਅਤੇ ਮੈਂ ਇਹ ਯਕੀਨੀ ਬਣਾਵਾਂਗੇ ਕਿ ਦੱਖਣੀ ਆਸਟ੍ਰੇਲੀਆ ਦੇ ਲੋਕ ਇਹ ਸਮਝ ਸਕਣ ਕਿ ਸਾਡੇ ਰਾਜ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ, ਸਿਹਤ, ਭਾਈਚਾਰਕ ਸੁਰੱਖਿਆ ਹਮੇਸ਼ਾ ਸਾਡੇ ਮੁੱਖ ਏਜੰਡੇ 'ਤੇ ਰਹੇਗੀ | ਹਰਨ ਮੰਨਦੀ ਹੈ ਕਿ ਪਾਰਟੀ ਦੇ ਸਾਹਮਣੇ ਵੱਡੀ ਚੁਣੌਤੀ ਹੈ, ਪਰ ਉਹ ਲੋਕਾਂ ਨੂੰ ਇੱਕ ਅਸਲੀ ਵਿਕਲਪ ਦੇਣ ਦਾ ਵਾਅਦਾ ਕਰਦੀ ਹੈ | ਐਸ਼ਟਨ ਹਰਨ ਲਿਬਰਲ ਪਾਰਟੀ ਦੀ ਦੂਜੀ ਮਹਿਲਾ ਨੇਤਾ ਬਣ ਗਈ ਹੈ | ਉਸਨੇ ਇਹ ਵੀ ਦੱਸਿਆ ਕਿ ਉਹ ਜਲਦੀ ਆਪਣੀ ਸ਼ੈਡੋ ਕੈਬਨਿਟ ਬਣਾਉਣ ਬਾਰੇ ਫੈਸਲਾ ਕਰੇਗੀ | ਉਸਨੇ ਕਿਹਾ ਕਿ ਪਾਰਟੀ ਦੇ ਸਾਥੀਆਂ ਨੇ ਉਸਨੂੰ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ ਹੈ | ਹਰਨ ਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਲਿਬਰਲ ਪਾਰਟੀ ਅਗਲੀ ਰਾਜ ਚੋਣ ਜਿੱਤਦੀ ਹੈ, ਤਾਂ ਉਹ ਐਸ.ਏ. ਵੌਇਸ ਟੂ ਪਾਰਲੀਮੈਂਟ ਨੂੰ ਰੱਦ ਕਰ ਦੇਵੇਗੀ | ਨਵੀਂ ਨੇਤਾ ਨੇ ਕਿਹਾ ਕਿ ਉਹ ਸ਼ੈਡੋ ਕੈਬਿਨਿਟ ਵਿਚ ਕੁਝ ਨਿਰੰਤਰਤਾ ਰੱਖਣਾ ਚਾਹੇਗੀ, ਪਰ ਨਵੇਂ ਬਦਲਾਅ ਵੀ ਲਿਆਂਦੇ ਜਾਣਗੇ |