ਐੱਸ. ਏ. ਐੱਸ. ਨਗਰ, 8 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਦੇ ਸਮਾਪਤੀ ਸਮਾਰੋਹ ਨੂੰ ਦਰਸਾਉਂਦੇ ਇਤਿਹਾਸਕ ਸਮਾਗਮ ਵਿਚ, ਭਾਰਤੀ ਜਲ ਸੈਨਾ ਦੇ ਪ੍ਰਮੁੱਖ ਕੋਲਕਾਤਾ-ਕਲਾਸ ਸਟੀਲਥ ਗਾਈਡਡ ਮਿਜ਼ਾਈਲ ਡਿਸਟਰਾਇਰ, ਆਈ.ਐਨ.ਐਸ. ਕੋਚੀ (ਡੀ64) ਦੇ ਸਕੇਲ-ਡਾਊਨ ਮਾਡਲ ਦਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ. ਐਸ.ਏ. ਐਫ.ਪੀ. ਆਈ.) ਵਿਖੇ ਉਦਘਾਟਨ ਕੀਤਾ | ਭਾਰਤੀ ਜਲ ਸੈਨਾ ਵਲੋਂ ਨੇਵੀ ਦਿਵਸ- 2025 'ਤੇ ਪੇਸ਼ ਕੀਤੇ ਗਏ ਮਾਡਲ ਦਾ ਉਦਘਾਟਨ ਵਾਈਸ ਐਡਮਿਰਲ ਸੰਜੇ ਵਾਤਸਯਨ, ਏ.ਵੀ.ਐਸ.ਐਮ., ਐਨ.ਐਮ., ਨੇਵਲ ਸਟਾਫ ਦੇ ਵਾਈਸ ਚੀਫ਼ ਵਲੋਂ ਕੀਤਾ ਗਿਆ | ਇਸ ਜਹਾਜ਼ ਮਾਡਲ ਦੀ ਸਥਾਪਨਾ ਦੇ ਨਾਲ, ਐਮ.ਆਰ.ਐਸ.ਏ.ਐਫ.ਪੀ.ਆਈ. ਕੈਂਪਸ ਹੁਣ ਤਿੰਨੋਂ ਹਥਿਆਰਬੰਦ ਸੇਵਾਵਾਂ ਦੇ ਪ੍ਰਮੁੱਖ ਉਪਕਰਣ ਦਾ ਮੇਜ਼ਬਾਨ ਬਣ ਗਿਆ ਹੈ, ਜਿਸ ਨਾਲ ਨੌਜਵਾਨ ਕੈਡਿਟਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਵਿਆਪਕ ਤੇ ਅਨੁਕੂਲ ਵਾਤਾਵਰਣ ਮਿਲੇਗਾ | ਇੰਸਟੀਚਿਊਟ ਦਾ ਆਪਣੇ 22 ਸਾਬਕਾ ਕੈਡਿਟਾਂ ਦਾ ਭਾਰਤੀ ਜਲ ਸੈਨਾ 'ਚ ਕਮਿਸ਼ਨਡ ਅਫਸਰਾਂ ਵਜੋਂ ਸੇਵਾ ਨਿਭਾਉਣ ਦਾ ਮਾਣਮੱਤਾ ਰਿਕਾਰਡ ਹੈ | ਐਮ.ਆਰ.ਐਸ.ਏ.ਐਫ.ਪੀ.ਆਈ. ਦੇ ਕੈਡਿਟਾਂ ਅਤੇ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਵਾਈਸ ਐਡਮਿਰਲ ਸੰਜੇ ਵਾਤਸਯਨ ਨੇ ਪੰਜਾਬ ਦੀ ਸਮੁੰਦਰੀ ਵਿਰਾਸਤ ਨੂੰ ਉਜਾਗਰ ਕਰਦੇ ਹੋਏ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦਾ ਹਵਾਲਾ ਦਿੰਦਿਆਂ ਸੂਬੇ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ | ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਾਈਸ ਐਡਮਿਰਲ ਸੰਜੇ ਵਾਤਸਯਨ ਨਾਲ ਹੋਈ ਗੱਲਬਾਤ ਅਤੇ ਅਸਲ ਜੀਵਨ ਦੇ ਫੌਜੀ ਉਪਕਰਣਾਂ ਬਾਰੇ ਅਹਿਮ ਜਾਣਕਾਰੀ ਕੈਡਿਟਾਂ ਨੂੰ ਲੀਡਰਸ਼ਿਪ, ਟੀਮ ਵਰਕ ਅਤੇ ਸਮੱਸਿਆ ਹੱਲ ਕਰਨ ਜ਼ਰੂਰੀ ਹੁਨਰ ਵਿਕਸਤ ਕਰਨ ਵਿਚ ਮਦਦ ਕਰੇਗੀ | ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਉਨ੍ਹਾਂ ਨੌਜਵਾਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਪਨੇ ਪੂਰਾ ਕਰਨ ਲਈ ਲੋੜੀਂਦੇ ਸਰੋਤ ਅਤੇ ਮੌਕੇ ਯਕੀਨੀ ਬਣਾਏ ਜਾ ਸਕਣ | ਐਮ.ਆਰ.ਐਸ.ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ), ਨੇ ਇਸ ਵੱਡਮੁੱਲੇ ਤੋਹਫ਼ੇ ਲਈ ਵਾਈਸ ਚੀਫ਼ ਆਫ਼ ਨੇਵਲ ਸਟਾਫ਼ ਦਾ ਧੰਨਵਾਦ ਕੀਤਾ |