ਗੋਆ 'ਚ ਭਾਰਤ ਦੇ 56ਵੇਂ ਅੰਤਰਰਾਸ਼ਾਟਰੀ ਫ਼ਿਲਮ ਫੈਸਟੀਵਲ ਦਾ ਆਗਾਜ਼ <br/>
ਅਜੀਤ ਡੈਸਕ
21-11-2025
ਰਵਾਇਤ ਤੋਂ ਹਟ ਕੇ ਕੀਤੀ ਸ਼ੁਰੂਆਤ
ਆਮ ਤੌਰ 'ਤੇ ਆਈ. ਐਫ਼. ਐਫ਼. ਆਈ. ਦਾ ਉਦਘਾਟਨ ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ 'ਚ ਕੀਤਾ ਜਾਂਦਾ ਸੀ, ਪਰ ਇਸ ਸਾਲ ਇਸ ਰਚਨਾਤਮਕਾ ਨੂੰ ਸੱਭਿਆਚਾਰ ਦੇ ਨਾਲ ਜੋੜਨ ਦੀ ਕਵਾਇਦ ਹੇਠ ਗੋਆ ਦੀਆਂ ਸੜਕਾਂ 'ਤੇ ਲਿਆਂਦਾ ਗਿਆ | ਆਈ. ਐਫ਼. ਐਫ਼. ਆਈ. ਦੇ ਉਦਘਾਟਨ ਮੌਕੇ ਸ਼ੁਰੂ ਹੋਈ ਪਰੇਡ ਗੋਆ ਦੀਆਂ ਸੜਕਾਂ 'ਤੇ ਸਾਂਝੇ ਵਿਰਸੇ ਦਾ ਵਿਖਾਵਾ ਕਰਦੀ ਨਜ਼ਰ ਆਈ |
ਪਹਿਲੀ ਵਾਰ ਕੱਢੀ ਗਈ ਪਰੇਡ
ਗੋਆ ਜੋ ਪਿਛਲੇ ਕਈ ਸਾਲਾਂ ਤੋਂ ਆਈ. ਐਫ਼. ਐਫ਼. ਆਈ. ਦਾ ਮੇਜ਼ਬਾਨ ਬਣਿਆ ਹੋਇਆ ਹੈ, 'ਚ ਪਹਿਲੀ ਵਾਰ ਹੋਈ ਇਸ ਪਰੇਡ ਨੂੰ 'ਸੱਭਿਆਚਾਰਕ ਸੰਗਮ' ਦਾ ਨਾਂਅ ਦਿੱਤਾ ਗਿਆ, ਕਿਉਂਕਿ ਇਸ 'ਚ 26 ਸੂਬਿਆਂ ਦੀ ਨੁਮਾਇੰਦਗੀ ਵਜੋਂ ਉਨ੍ਹਾਂ ਦੇ ਲੋਕ ਨਾਚ ਅਤੇ ਝਾਕੀਆਂ ਸ਼ਾਮਿਲ ਸਨ |
ਗਣਤੰਤਰ ਦਿਵਸ ਦੀ ਪਰੇਡ ਦੀ ਤਰਜ਼ 'ਤੇ ਉਲੀਕੀ ਗਈ ਇਸ ਕਾਰਨੀਵਾਲ ਪਰੇਡ 'ਚ ਝਾਕੀਆਂ ਨੂੰ ਪ੍ਰਦਰਸ਼ਨ ਅਤੇ ਦਿੱਖ ਦੇ ਆਧਾਰ 'ਤੇ ਦੋ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ | ਜਿਨ੍ਹਾਂ 'ਚੋਂ ਇਕ ਪੁਰਸਕਾਰ ਖ਼ਾਸ ਤੌਰ 'ਤੇ ਮੇਜ਼ਬਾਨ ਸੂਬੇ ਭਾਵ ਗੋਆ ਲਈ ਹੋਵੇਗਾ | ਜਦਕਿ ਦੂਜਾ ਬਾਕੀ ਹੋਰਨਾਂ ਲਈ ਹੋਵੇਗਾ |
ਆਰੇਂਜ ਆਰਥਿਕਤਾ ਨੂੰ ਹੁਲਾਰਾ
ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਜਿਸ 'ਚ ਕੁੱਲ 284 ਖ਼ੇਤਰੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ਸ਼ਾਮਿਲ ਹਨ, ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਬਾਰੇ ਰਾਜ ਮੰਤਰੀ ਐਲ. ਮੁਰੂਗਨ ਨੇ ਕਿਹਾ ਕਿ ਇਹ ਸਮਾਗਮ ਭਾਰਤ ਦੀ ਆਰੇਂਜ ਆਰਥਿਕਤਾ ਜਿਸ 'ਚ ਰਚਨਾਤਮਿਕਤਾ, ਸਮੱਗਰੀ ਅਤੇ ਸੱਭਿਆਚਾਰ ਸ਼ਾਮਿਲ ਹੈ, ਨੂੰ ਹੁਲਾਰਾ ਦੇਣ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ |
ਗੋਆ ਦੇ ਰਾਜਪਾਲ ਅਸ਼ੋਕ ਗਣਪਤੀ ਰਾਜੂ ਨੇ ਆਈ. ਐਫ਼. ਐਫ਼. ਆਈ. ਨੂੰ ਰਚਨਾਤਮਕ ਅਦਲਾ-ਬਦਲੀ, ਨਵੇਂ ਗੱਠਜੋੜ ਅਤੇ ਸਿਨੇਮਾ ਦੇ ਪ੍ਰਭਾਵੀ ਯੋਗਦਾਨ ਦੇ ਜਸ਼ਨ ਮਨਾਉਣ ਦਾ ਇਕ ਜ਼ਰੀਆ ਦੱਸਦਿਆਂ ਕਿਹਾ ਕਿ ਇਸੇ ਕਾਰਨ ਹੀ ਵੱਡੀ ਤਦਾਦ ਲੋਕ ਜੁੜਦੇ ਹਨ |
ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਂਵਤ ਨੇ ਗੋਆ ਦੇ ਮਜ਼ਬੂਤ ਅਤੇ ਉੱਨਤ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਗੋਆ ਇਸ ਸਮਾਗਮ ਦਾ ਮੇਜ਼ਬਾਨ ਬਣਿਆ ਹੋਇਆ ਹੈ |
ਬ੍ਰਾਜ਼ੀਲ ਫ਼ਿਲਮ 'ਦ ਬਲੂ ਟ੍ਰੇਲ' ਨਾਲ ਹੋਇਆ ਉਦਘਾਟਨ ਦਾ ਆਗਾਜ਼
ਫੈਸਟੀਵਲ ਦਾ ਉਦਘਾਟਨ ਬ੍ਰਾਜ਼ੀਲਿਅਨ ਨਿਰਦੇਸ਼ਕ ਗਰੇਬਿਅਨ ਮਸਕਾਰੋ ਦੀ ਫ਼ਿਲਮ ਦਾ ਬਲੂ ਟ੍ਰੇਲ ਨਾਲ ਹੋਇਆ, ਜੋ ਕਿ ਐਮਾਜ਼ੋਨ ਦੇ ਜੰਗਲਾਂ 'ਚ ਇਕ 75 ਸਾਲਾ ਔਰਤ ਦੀ ਹਾਈ-ਫਾਈ ਯਾਤਰਾ ਬਿਆਨ ਕਰਦੀ ਹੈ | ਇਹ ਫ਼ਿਲਮ 2025 'ਚ ਬਰਲਿਨ ਫ਼ਿਲਮ ਫੈਸਟੀਵਲ 'ਚ ਸਿਲਵਰ ਬੀਅਰ ਗ੍ਰੈਂਡ ਜੈਯੁਰੀ ਪ੍ਰਾਈਜ਼ ਜਿੱਤ ਚੁੱਕੀ ਹੈ, ਜਦਕਿ ਇਸ ਦਾ ਸਮਾਪਨ ਥਾਈਲੈਂਡ ਦੀ ਪਿਕਚਰ 'ਏ ਯੂਜ਼ਫੁੱਲ ਗਾਸਟ' ਨਾਲ ਹੋਵੇਗਾ |
ਜਾਪਾਨ ਹੈ ਫੋਕਸ ਦੇਸ਼ ਅਤੇ ਸਪੇਨ ਭਾਈਵਾਲ ਦੇਸ਼
ਆਈ.ਐਫ.ਐਫ.ਆਈ. 'ਚ ਇਸ ਵਾਰ ਜਾਪਾਨ ਫੋਕਸ ਦੇਸ਼ ਹੈ | 20 ਨਵੰਬਰ ਤੋਂ 28 ਨਵੰਬਰ ਤੱਕ ਚੱਲਣ ਵਾਲੇ ਇਸ ਸਮਾਗਮ 'ਚ 6 ਚੁਣੀਆਂ ਹੋਈਆਂ ਜਾਪਾਨੀ ਫ਼ਿਲਮਾਂ ਵਿਖਾਈਆਂ ਜਾਣਗੀਆਂ | ਸਪੇਨ ਭਾਈਵਾਲ ਦੇਸ਼ ਹੈ, ਜਦਕਿ ਆਸਟ੍ਰੇਲੀਆ ਸਪਾਟਲਾਈਟ ਦੇਸ਼ ਹੈ |ਇਸ ਪੂਰੇ ਫ਼ਿਲਮ ਫੈਸਟੀਵਲ ਦੌਰਾਨ ਕੁੱਲ 13 ਵਰਲਡ ਪ੍ਰੀਮੀਅਰ ਹੋਣਗੇ, ਜਦਕਿ 28 ਏਸ਼ੀਆ ਪ੍ਰੀਮੀਅਰ ਅਤੇ 99 ਭਾਰਤੀ ਪ੍ਰੀਮੀਅਰ ਹੋਣਗੇ ਹਾਲਾਂਕਿ ਜਾਣਕਾਰੀ ਮੁਤਾਬਿਕ ਇਸ ਸਾਲ 127 ਦੇਸ਼ਾਂ 'ਚੋਂ 3400 ਫ਼ਿਲਮਾਂ ਵਲੋਂ ਐਂਟਰੀ ਭਰੀ ਗਈ ਸੀ | ਇਸ ਸਾਲ ਦੇ ਸਮਾਗਮ ਦੀ ਇਕ ਖਾਸੀਅਤ ਇਹ ਵੀ ਹੈ ਕਿ 50 ਤੋਂ ਵੱਧ ਔਰਤ ਡਾਇਰੈਕਟਰਾਂ ਦੀਆਂ ਫ਼ਿਲਮ ਇਸ 'ਚ ਸ਼ਾਮਿਲ ਹਨ |
ਕਈ ਫ਼ਿਲਮੀ ਸ਼ਖ਼ਸੀਅਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਕਈ ਫ਼ਿਲਮੀ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ | ਫ਼ਿਲਮ ਅਦਾਕਾਰ ਅਤੇ ਨਿਰਦੇਸ਼ਕ ਗੁਰੂਦੱਤ, ਭੂਪੇਨ ਹਜ਼ਾਰਿਕਾ ਸਕਿਲ ਚੌਧਰੀ, ਰਾਜ ਖੋਸਲਾ, ਰਿਤਵਿਕ ਘਟਕ ਅਤੇ ਬੀ ਭਾਬੂਮਾਖੀ ਦੀ ਜਨਮ ਸ਼ਤਾਬਦੀ ਮੌਕੇ ਉਨ੍ਹਾਂ 'ਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇਗੀ |
ਸਮਾਪਨ ਸਮਾਗਮ 'ਚ ਰਜਨੀਕਾਂਤ ਦਾ ਕੀਤਾ ਜਾਏਗਾ ਸਨਮਾਨ
ਆਈ.ਐਫ.ਐਫ.ਆਈ. ਦੇ 28 ਨਵੰਬਰ ਨੂੰ ਹੋਣ ਵਾਲੇ ਸਮਾਪਨ ਸਮਾਗਮ 'ਚ ਸੁਪਰ ਸਟਾਰ ਰਜਨੀ ਕਾਂਤ ਨੂੰ ਸਨਮਾਨਿਤ ਕੀਤਾ ਜਾਵੇਗਾ | ਇਹ ਸਨਮਾਨ ਫ਼ਿਲਮ ਜਗਤ 'ਚ ਉਨ੍ਹਾਂ ਦੇ 50 ਸਾਲ ਪੂਰੇ ਹੋਣ ਮੌਕੇ ਦਿੱਤਾ ਜਾਵੇਗਾ |
ਨੌਜਵਾਨ ਹੁਨਰ ਨੂੰ ਹੁਲਾਰਾ
ਸਮਾਗਮ'ਚ ਨੌਜਵਾਨ ਹੁਨਰ ਅਤੇ ਤਕਨੀਕ ਨੂੰ ਵਧਾਵਾ ਦੇਣ ਲਈ ਕ੍ਰਿਏਟਿਵ ਮਾੲੀਂਡਜ਼ ਆਫ਼ ਟੂਮਾਰੋ ਨਾਂਅ ਦੇ ਇਕ ਵਿਸ਼ੇਸ਼ ਮੰਚ ਦੀ ਸ਼ੁਰੂਆਤ ਕੀਤੀ ਗਈ ਹੈ |
ਇਸ ਮੰਚ ਲਈ 799 ਦਰਖਾਸਤਾਂ 'ਚੋਂ 124 ਚੁਣੀਆਂ ਗਈਆਂ ਹਨ |
ਇਸ ਤੋਂ ਇਲਾਵਾ ਵੈਬ ਸੀਰੀਜ਼ ਅਤੇ ਹੋਰ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਫ਼ਿਲਮ ਬਜ਼ਾਰ 'ਚ 300 ਤੋਂ ਵੱਧ ਫ਼ਿਲਮ ਪ੍ਰੋਜੈਕਟ, ਦਸਤਾਵੇਜ਼ੀ ਫ਼ਿਲਮਾਂ, 22 ਫੀਚਰ ਫ਼ਿਲਮਾਂ ਸ਼ਾਮਿਲ ਕੀਤੀਆਂ ਗਈਆਂ ਹਨ |