20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਇਕ ਫ਼ੌਜੀ ਤਾਨਾਸ਼ਾਹ ਹੋਰ

ਅਜੀਤ ਡੈਸਕ 20-11-2025

ਪਾਕਿਸਤਾਨ ਇਕ ਵਾਰ ਫਿਰ ਫ਼ੌਜੀ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਸਾਲ 1947 ਵਿਚ ਹੋਂਦ ਵਿਚ ਆਉਣ ਤੋਂ ਲੈ ਕੇ ਹੀ ਇਸ ਦਾ ਭਵਿੱਖ ਅਨਿਸਚਿਤ ਨਜ਼ਰ ਆਉਂਦਾ ਰਿਹਾ ਹੈ। ਬੇਹੱਦ ਥੋੜਾਂ ਦਾ ਸਾਹਮਣਾ ਕਰਦਾ ਹੋਇਆ ਇਹ ਆਪਣੀਆਂ ਲੋੜਾਂ ਲਈ ਵਧੇਰੇ ਕਰਕੇ ਦੂਸਰੇ ਦੇਸ਼ਾਂ 'ਤੇ ਹੀ ਨਿਰਭਰ ਰਿਹਾ ਹੈ। ਹੋਂਦ ਵਿਚ ਆਉਂਦਿਆਂ ਹੀ ਇਸ 'ਤੇ ਅਮਰੀਕਾ ਭਾਰੂ ਹੋ ਗਿਆ ਸੀ, ਜਿਸ ਕਾਰਨ ਇਸ ਦੇ ਆਪਣੇ ਵਿਕਾਸ ਦੀ ਚਾਲ ਮੰਦੀ ਪੈਂਦੀ ਗਈ ਸੀ। ਜਿਸ ਢੰਗ-ਤਰੀਕੇ ਨਾਲ ਇਹ ਵਜੂਦ ਵਿਚ ਆਇਆ ਸੀ, ਉਸ ਸਾਰੇ ਦ੍ਰਿਸ਼ ਨੂੰ ਦੇਖਦਿਆਂ ਇਹ ਜ਼ਰੂਰ ਮਹਿਸੂਸ ਹੋਣ ਲੱਗਾ ਸੀ ਕਿ ਅੰਗਰੇਜ਼ ਕੂਟਨੀਤੀ ਦੇ ਅਸਰ ਹੇਠ ਬਣੇ ਇਸ ਨਵੇਂ ਦੇਸ਼ ਨੂੰ ਅਜਿਹੇ ਵੱਡੇ ਆਗੂਆਂ ਦੀ ਜ਼ਰੂਰਤ ਹੋਵੇਗੀ, ਜੋ ਇਸ ਦੀ ਸਮੁੱਚੀ ਸਥਿਤੀ ਨੂੰ ਸਮਝਦਿਆਂ ਇਸ ਨੂੰ ਕੋਈ ਚੰਗੀ ਸੇਧ ਦੇਣ ਦਾ ਯਤਨ ਕਰ ਸਕਣ।
ਇਸ ਦੇ ਬਾਨੀ ਮੁਹੰਮਦ ਅਲੀ ਜਿਨਾਹ ਇਸ ਦੇ ਹੋਂਦ ਵਿਚ ਆਉਣ ਤੋਂ ਬਾਅਦ ਬਹੁਤਾ ਸਮਾਂ ਜਿਊਂਦੇ ਨਾ ਰਹਿ ਸਕੇ ਅਤੇ ਨਾ ਹੀ ਭਾਰਤ ਵਾਂਗੂ ਇਸ ਦੀਆਂ ਲੋਕਤੰਤਰੀ ਜੜ੍ਹਾਂ ਹੀ ਮਜ਼ਬੂਤ ਹੋ ਸਕੀਆਂ, ਜਿਸ ਕਰਕੇ ਇਹ ਅਭਾਗਾ ਮੁਲਕ ਹੁਣ ਤੱਕ ਸਿੱਧੇ ਰੂਪ ਵਿਚ 33 ਸਾਲਾਂ ਤੋਂ ਵੀ ਵਧੇਰੇ ਸਮੇਂ ਤੱਕ ਫ਼ੌਜੀ ਤਾਨਾਸ਼ਾਹੀ ਅਧੀਨ ਹੀ ਵਿਚਰਦਾ ਰਿਹਾ ਹੈ। ਜਦੋਂ ਕਦੇ ਆਮ ਲੋਕਾਂ ਵਿਚ ਚੱਲੀਆਂ ਲਹਿਰਾਂ ਦੇ ਦਮ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਗੂਆਂ ਦੀ ਅਗਵਾਈ ਵਿਚ ਲੋਕਤੰਤਰੀ ਸਰਕਾਰਾਂ ਕਾਇਮ ਵੀ ਕਰ ਲਈਆਂ ਤਾਂ ਵੀ ਦੇਸ਼ ਦੇ ਪ੍ਰਸ਼ਾਸਨ 'ਤੇ ਫ਼ੌਜੀ ਜਰਨੈਲਾਂ ਦਾ ਹੀ ਦਬਦਬਾ ਬਣਿਆ ਰਿਹਾ। ਜਨਰਲ ਅਯੂਬ ਖ਼ਾਨ ਨੇ ਸਾਲ 1958 ਵਿਚ ਤਾਕਤ ਹਥਿਆ ਲਈ ਸੀ ਅਤੇ ਉਹ 11 ਸਾਲ ਤੱਕ ਹਕੂਮਤ ਕਰਦਾ ਰਿਹਾ। ਉਸ ਤੋਂ ਬਾਅਦ ਯਾਹੀਆ ਖ਼ਾਨ ਨੇ ਕੁਰਸੀ ਸੰਭਾਲੀ ਅਤੇ ਉਸ ਤੋਂ ਬਾਅਦ ਥੋੜ੍ਹੇ ਸਮੇਂ ਲਈ ਲੋਕਤੰਤਰ ਦਾ ਤਜਰਬਾ ਕੀਤਾ ਗਿਆ, ਪਰ ਉਦੋਂ ਬਣੀਆਂ ਕਮਜ਼ੋਰ ਸਰਕਾਰਾਂ ਨੂੰ ਚਲਦਾ ਕਰਕੇ 1977 ਵਿਚ ਜਨਰਲ ਜ਼ਿਆ-ਉਲ-ਹੱਕ ਨੇ ਗੱਦੀ ਸੰਭਾਲ ਲਈ ਅਤੇ ਹਾਦਸੇ ਵਿਚ ਆਪਣੀ ਮੌਤ ਤੱਕ ਉਸ ਨੇ ਧਾਰਮਿਕ ਕੱਟੜਤਾ ਨੂੰ ਆਧਾਰ ਬਣਾ ਕੇ ਅਤੇ ਸ਼ਰੀਅਤ ਕਾਨੂੰਨ ਲਾਗੂ ਕਰਕੇ ਹਕੂਮਤ 'ਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ। ਉਸ ਤੋਂ ਪਹਿਲਾਂ 1977 ਵਿਚ ਹੀ ਪਾਕਿਸਤਾਨ ਦੋ ਟੁਕੜੇ ਵੀ ਹੋ ਚੁੱਕਾ ਸੀ ਅਤੇ ਇਸ ਦੀਆਂ ਲੋਕਾਂ ਰਾਹੀਂ ਚੁਣੀਆਂ ਸਰਕਾਰਾਂ ਹਨ੍ਹੇਰੇ ਵਿਚ ਹੀ ਹੱਥ-ਪੈਰ ਮਾਰ ਰਹੀਆਂ ਸਨ ਕਿ ਸਾਲ 1999 ਵਿਚ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਾ ਕੇ ਹਕੂਮਤ ਸੰਭਾਲ ਲਈ। ਆਪਣੇ ਅਨੁਸਾਰ ਸੰਵਿਧਾਨ ਵਿਚ ਅਨੇਕਾਂ ਤਬਦੀਲੀਆਂ ਕਰ ਲਈਆਂ ਅਤੇ ਸਾਲ 2008 ਤੱਕ ਲੋਕਾਂ ਵਿਚ ਫੈਲੀ ਬਗ਼ਾਵਤ ਕਰਕੇ ਉਸ ਨੂੰ ਗੱਦੀ ਤੋਂ ਲੱਥਣਾ ਪਿਆ ਪਰ ਉਸ ਤੋਂ ਬਾਅਦ ਦੀਆਂ ਸਰਕਾਰਾਂ 'ਤੇ ਵੀ ਫ਼ੌਜ ਦੀਆਂ ਨੀਤੀਆਂ ਹੀ ਭਾਰੂ ਰਹੀਆਂ। ਇਮਰਾਨ ਖ਼ਾਨ ਨੇ ਸਾਲ 2018 ਵਿਚ ਅੰਦੋਲਨ ਰਾਹੀਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਚੁਣੀ ਹੋਈ ਸਰਕਾਰ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ ਅਤੇ ਫ਼ੌਜ ਦੀ ਮਦਦ ਨਾਲ ਸਾਲ 2018 ਵਿਚ ਉਹ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਵਲੋਂ ਚੋਣਾਂ ਲੜ ਕੇ ਪ੍ਰਧਾਨ ਮੰਤਰੀ ਜ਼ਰੂਰ ਬਣਿਆ ਪਰ ਉਸ ਨੂੰ ਜਿਤਾਉਣ ਵਿਚ ਫ਼ੌਜ ਦਾ ਹੀ ਵੱਡਾ ਹੱਥ ਸੀ।
ਉਸ ਦੀ ਫ਼ੌਜ ਨਾਲ ਲੰਮੇ ਸਮੇਂ ਤੱਕ ਨਿਭ ਨਾ ਸਕੀ ਤਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਫ਼ੌਜ ਦੀ ਮਦਦ ਨਾਲ ਇਮਰਾਨ ਖ਼ਾਨ ਦਾ ਤਖ਼ਤਾ ਉਲਟਾ ਕੇ ਰਾਜ ਸੱਤਾ ਸੰਭਾਲ ਲਈ। ਪਿਛਲੇ ਸਾਰੇ ਸਮੇਂ ਵਿਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਇਕ ਤਰ੍ਹਾਂ ਨਾਲ ਫ਼ੌਜ ਦੇ ਹੱਥਾਂ ਵਿਚ ਹੀ ਖੇਡਦਾ ਆਇਆ ਹੈ। ਸਮੇਂ-ਸਮੇਂ ਦੇਸ਼ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਭਾਰਤ ਨਾਲ ਦੋਸਤੀ ਅਤੇ ਸਹਿਯੋਗ ਦਾ ਹੱਥ ਵਧਾਉਣ ਦਾ ਯਤਨ ਜ਼ਰੂਰ ਕੀਤਾ ਪਰ ਉੱਥੋਂ ਦੀ ਫ਼ੌਜ ਦਾ ਏਜੰਡਾ ਭਾਰਤ ਦੇ ਵਿਰੋਧ ਦਾ ਹੀ ਰਿਹਾ। ਫ਼ੌਜ ਨੇ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੂੰ ਪਾਲ ਕੇ ਭਾਰਤ ਵਿਰੁੱਧ ਜੇਹਾਦ ਖੜ੍ਹਾ ਕਰੀ ਰੱਖਿਆ। ਇਨ੍ਹਾਂ ਸੰਗਠਨਾਂ ਨੇ ਦਹਾਕਿਆਂ ਬੱਧੀ ਲਗਾਤਾਰ ਭਾਰਤ ਨੂੰ ਹਰ ਪੱਖੋਂ ਜ਼ਖ਼ਮੀ ਕਰਨ ਲਈ ਹਿੰਸਕ ਖੇਡ ਜਾਰੀ ਰੱਖੀ। ਹੁਣ ਭਾਰਤ ਨਾਲ ਵਧੇ ਤਣਾਅ ਦਾ ਲਾਭ ਉਠਾ ਕੇ ਉੱਥੇ ਦੇ ਜਨਰਲ ਆਸਿਮ ਮੁਨੀਰ ਨੇ ਇਕ ਤਰ੍ਹਾਂ ਨਾਲ ਫੇਰ ਆਪਣਾ ਪ੍ਰਭਾਵ ਵਧਾ ਲਿਆ ਹੈ ਅਤੇ ਚੁਣੀ ਹੋਈ ਸਰਕਾਰ ਮੁੜ ਉਸ ਦੀ ਕਠਪੁਤਲੀ ਬਣੀ ਨਜ਼ਰ ਆਉਂਦੀ ਹੈ। ਭਾਰਤ ਨਾਲ ਟਕਰਾਅ ਦੇ ਚਲਦਿਆਂ ਪਹਿਲਾਂ ਉਸ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਸਿੱਧੀ ਤਾਕਤ ਤਾਂ ਆਪਣੇ ਹੱਥਾਂ ਵਿਚ ਨਹੀਂ ਲਈ ਪਰ ਉਹ ਸੰਵਿਧਾਨ ਵਿਚ ਕੁਝ ਹੋਰ ਅਜਿਹੀਆਂ ਤਬਦੀਲੀਆਂ ਕਰਵਾਉਣ ਵਿਚ ਸਫ਼ਲ ਹੋ ਗਿਆ ਹੈ, ਜਿਸ ਨਾਲ ਚੁਣੀ ਹੋਈ ਸਰਕਾਰ ਰਬੜ ਦੀ ਮੋਹਰ ਬਣੀ ਹੀ ਨਜ਼ਰ ਆਏਗੀ। ਉਸ ਦੇ ਪ੍ਰਭਾਵ ਕਰਕੇ ਪਿਛਲੇ ਦਿਨੀਂ ਉੱਥੋਂ ਦੀ ਕੌਮੀ ਅਸੈਂਬਲੀ ਨੇ ਸੰਵਿਧਾਨ ਵਿਚ 27ਵੀਂ ਸੋਧ ਕਰ ਦਿੱਤੀ ਹੈ, ਜਿਸ ਨਾਲ ਆਸਿਮ ਮੁਨੀਰ ਚੀਫ਼ ਆਫ਼ ਡਿਫੈਂਸ ਫੋਰਸਜ਼ ਬਣ ਗਿਆ ਹੈ। ਉਸ ਨੇ ਇਕ ਹੋਰ ਤਰਮੀਮ ਨਾਲ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਸੀਮਤ ਕਰਕੇ ਇਕ ਵੱਖਰੀ ਸੰਘੀ ਸੰਵਿਧਾਨਕ ਅਦਾਲਤ ਬਣਵਾ ਲਈ ਹੈ। ਹੁਣ ਉਸ 'ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ ਅਤੇ ਮਹੱਤਵਪੂਰਨ ਨਿਯੁਕਤੀਆਂ ਵੀ ਉਸ ਦੀ ਸਹਿਮਤੀ ਤੋਂ ਬਗ਼ੈਰ ਨਹੀਂ ਕੀਤੀਆਂ ਜਾ ਸਕਣਗੀਆਂ। ਸੰਵਿਧਾਨ ਦੀ ਧਾਰਾ 175 ਵਿਚ ਕੀਤੀ ਗਈ ਸੋਧ ਨਾਲ ਨਿਆਂਪਾਲਿਕਾ ਦੀ ਸ਼ਕਤੀ ਬੇਹੱਦ ਸੀਮਤ ਹੋ ਕੇ ਰਹਿ ਗਈ ਹੈ। ਇਸ ਦੇ ਨਾਲ ਹੀ ਉਸ ਕੋਲ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਅਤੇ ਹੋਰ ਵੱਡੇ ਫ਼ੈਸਲੇ ਲੈਣ ਦੇ ਅਧਿਕਾਰ ਵੀ ਹੋਣਗੇ।
ਇਨ੍ਹਾਂ ਤਬਦੀਲੀਆਂ ਦੀ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਦੇ ਖ਼ਿਲਾਫ਼ ਅੰਦੋਲਨ ਚਲਾਉਣ ਦੀ ਧਮਕੀ ਵੀ ਦਿੱਤੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਇਹ ਗੱਲ ਯਕੀਨੀ ਬਣ ਚੁੱਕੀ ਹੈ ਕਿ ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਪਾਕਿਸਤਾਨ ਇਕ ਵਾਰ ਫਿਰ ਉੱਥੋਂ ਦੇ ਜਰਨੈਲਾਂ ਰਾਹੀਂ ਲਤਾੜਿਆ ਜਾਏਗਾ। ਜਿਵੇਂ ਪਹਿਲੇ ਫ਼ੌਜੀ ਤਾਨਾਸ਼ਾਹਾਂ ਨੇ ਆਪਣੀਆਂ ਤਾਕਤਾਂ ਰਾਹੀਂ ਲੰਮੇ ਸਮੇਂ ਤੱਕ ਦੇਸ਼ ਦਾ ਸ਼ਾਸਨ ਚਲਾਇਆ ਸੀ, ਬਿਨਾਂ ਸ਼ੱਕ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਵੀ ਉਸੇ ਰਸਤੇ 'ਤੇ ਚੱਲਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਪਾਕਿਸਤਾਨ ਦੇ ਲੋਕਾਂ ਦਾ ਭਵਿੱਖ ਹੋਰ ਵੀ ਅਨਿਸਚਿਤ ਹੋਣ ਦੀ ਸੰਭਾਵਨਾ ਬਣ ਗਈ ਹੈ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਪੰਜਾਬੀਆਂ ਨੂੰ ਆਪਣੇ ਹੱਕ ਲਈ ਲਾਮਬੰਦ ਹੋਣਾ ਪਵੇਗਾ ਅਗਲੀ ਖ਼ਬਰ ਹਰ ਥਾਂ ਅਨਿਆਂ ਅਤੇ ਬੁਰਾਈ ਦੇ ਵਿਰੁੱਧ ਲੋਕਾਂ ਦਾ ਫ਼ੈਸਲਾ ਹੀ ਆਖ਼ਰੀ ਹੋਵੇਗਾ ਅਤੇ ਲੋਕ ਜ਼ਰੂਰ ਜਿੱਤਣਗੇ। -ਚੀ. ਗਵੇਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।