ਅੱਜ ਲਈ ਵਿਸ਼ੇਸ਼
ਅੰਤਰਰਾਸ਼ਟਰੀ ਨੈਲਸਨ ਮੰਡੇਲਾ ਦਿਵਸ ਸੰਯੁਕਤ ਰਾਸ਼ਟਰ ਵਲੋਂ ਹਰ ਸਾਲ 18 ਜੁਲਾਈ ਨੂੰ ਨਸਲੀ ਤੇ ਰੰਗ ਭੇਦਭਾਵ ਖ਼ਿਲਾਫ਼ ਲੜਨ ਵਾਲੇ ਅਤੇ 'ਨੋਬਲ ਪੁਰਸਕਾਰ' ਜਿੱਤਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਯਾਦ 'ਚ ਮਨਾਇਆ ਜਾਂਦਾ ਹੈ। ਦੱਖਣੀ ਅਫ਼ਰੀਕਾ ਦੇ ਲੋਕ ਨੈਲਸਨ ਮੰਡੇਲਾ ਨੂੰ ਹਰ ਸਾਲ 18 ਜੁਲਾਈ ਨੂੰ ਰਾਸ਼ਟਰ ਪਿਤਾ ਵਜੋਂ ਵੀ ਯਾਦ ਕਰਦੇ ਹਨ, ਕਿਉਂਕਿ ਇਹ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ 27 ਸਾਲ ਜੇਲ੍ਹ 'ਚ ਬਿਤਾਏ ਸਨ ਤੇ ਉਨ੍ਹਾਂ ਦੀ ਲੜਾਈ ਨਸਲੀ ਤੇ ਰੰਗ ਭੇਦਭਾਵ ਖ਼ਿਲਾਫ਼ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬੇਸ਼ੱਕ ਵਿਸ਼ਵ 'ਚ ਵੱਖ-ਵੱਖ ਰੰਗ-ਰੂਪ, ਨੈਣ-ਨਕਸ਼ ਤੇ ਕੱਦ-ਕਾਠ ਦੇ ਲੋਕ ਵਸਦੇ ਹਨ ਪਰ ਸਭ ਦੀ ਇਕੋ ਮਨੁੱਖੀ ਜਾਤੀ ਹੈ, ਇਕੋ ਜਿਹੀਆਂ ਭਾਵਨਾਵਾਂ ਹਨ, ਖ਼ੂਨ ਦਾ ਰੰਗ ਲਾਲ ਹੈ, ਸਭ ਕੋਲ ਦਿਲ ਹੈ, ਹਰ ਦੇਸ਼ ਦੇ ਲੋਕਾਂ ਦੇ ਇਕੋ ਜਿਹੇ ਅੰਗ ਹਨ ਅਤੇ ਹਰ ਕੋਈ ਖੁਸ਼ੀ-ਗਮੀ, ਗਰਮੀ-ਸਰਦੀ ਮਹਿਸੂਸ ਕਰਦਾ ਹੈ, ਫਿਰ ਜਾਤ-ਪਾਤ, ਧਰਮ ਤੇ ਰੰਗ ਦੇ ਆਧਾਰ 'ਤੇ ਭੇਦਭਾਵ ਕਿਉਂ?
ਅਜਿਹੀ ਨਾਬਰਾਬਰੀ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਦਾ ਪੂਰਾ ਨਾਂਅ ਨੈਲਸਨ ਰੋਲੀਹਲਾਹਲਾ ਮੰਡੇਲਾ ਸੀ। ਉਨ੍ਹਾਂ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫ਼ਰੀਕਾ ਦੇ ਕੇਪ ਸੂਬੇ ਦੇ ਮਵੇਜ਼ੋ ਪਿੰਡ 'ਚ ਹੋਇਆ ਤੇ ਉਨ੍ਹਾਂ ਦੇ ਪਿਤਾ ਕਸਬੇ ਦੇ ਕਬਾਇਲੀ ਮੁਖੀ ਸਨ। ਉਹ 12 ਕੁ ਸਾਲ ਦੇ ਸਨ, ਜਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਨੈਲਸਨ ਨੇ ਕਾਨੂੰਨ ਦੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ ਅਤੇ ਆਪਣੀ ਜਾਤੀ ਦੇ ਸਰਦਾਰ ਦਾ ਅਹੁਦਾ ਛੱਡ ਦਿੱਤਾ। ਉਹ ਆਪਣੀ ਵਕਾਲਤ ਖ਼ਤਮ ਹੋਣ ਤੋਂ ਪਹਿਲਾਂ ਹੀ ਰਾਜਨੀਤੀ ਵਿਚ ਆ ਗਏ ਸਨ ਅਤੇ 1944 ਵਿਚ ਅਫਰੀਕਨ ਨੈਸ਼ਨਲ ਕਾਂਗਰਸ ਵਿਚ ਸ਼ਾਮਿਲ ਹੋ ਗਏ। ਲੋਕਾਂ ਵਿਚ ਆਪਣੀ ਛਾਪ ਛੱਡਣ ਵਾਲੇ ਨੈਲਸਨ ਨੇ ਜਲਦੀ ਹੀ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦਾ ਗਠਨ ਕਰ ਲਿਆ ਤੇ ਤਿੰਨ ਸਾਲ ਬਾਅਦ ਉਹ ਇਸ ਦੇ ਸਕੱਤਰ ਬਣ ਗਏ। ਕੁਝ ਸਾਲਾਂ ਬਾਅਦ ਮੰਡੇਲਾ ਨੂੰ ਅਫਰੀਕਨ ਨੈਸ਼ਨਲ ਕਾਂਗਰਸ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਜਿਸ ਤਰ੍ਹਾਂ ਭਾਰਤ ਵਿਚ ਆਜ਼ਾਦੀ ਲਈ ਲੜਾਈ ਲੜੀ ਗਈ, ਉਸੇ ਤਰ੍ਹਾਂ ਨੈਲਸਨ ਨੇ ਦੱਖਣੀ ਅਫਰੀਕਾ 'ਚ ਆਜ਼ਾਦੀ ਦੇ ਨਾਲ-ਨਾਲ ਰੰਗ-ਭੇਦ ਖ਼ਿਲਾਫ਼ ਵੀ ਵੱਡਾ ਸੰਘਰਸ਼ ਲੜਿਆ। ਉਸ ਵੇਲੇ ਅੰਗਰੇਜ਼ਾਂ ਵਲੋਂ ਦੱਖਣੀ ਅਫਰੀਕਾ ਦੇ ਮੂਲ ਨਿਵਾਸੀਆਂ ਨਾਲ ਰੰਗ ਭੇਦਭਾਵ ਪੂਰੇ ਜ਼ੋਰਾਂ 'ਤੇ ਸੀ ਤੇ ਕਾਲੇ ਰੰਗ ਦੇ ਲੋਕਾਂ ਲਈ ਵੱਖਰੇ ਕਾਨੂੰਨ ਬਣਾ ਰੱਖੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ 1944 'ਚ ਰੰਗ-ਭੇਦ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ। ਉਸ ਸਮੇਂ ਉਹ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਨ।
1947 ਵਿਚ ਉਹ ਯੂਥ ਲੀਗ ਦੇ ਸਕੱਤਰ ਚੁਣੇ ਗਏ। ਮੰਡੇਲਾ ਅਤੇ ਉਸ ਦੇ ਦੋਸਤਾਂ 'ਤੇ ਸਾਲ 1961 'ਚ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚਲਾਇਆ ਗਿਆ, ਪਰ ਬਾਅਦ ਵਿਚ ਉਨ੍ਹਾਂ ਨੂੰ ਬੇਕਸੂਰ ਮੰਨਿਆ ਗਿਆ 'ਤੇ ਬਰੀ ਕਰ ਦਿੱਤਾ ਗਿਆ। 5 ਅਗਸਤ 1962 ਨੂੰ ਮਜ਼ਦੂਰਾਂ ਨੂੰ ਹੜਤਾਲ ਲਈ ਉਕਸਾਉਣ ਅਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ 'ਤੇ ਮੁਕੱਦਮਾ ਚੱਲਿਆ ਅਤੇ 12 ਜੁਲਾਈ 1964 ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਉਨ੍ਹਾਂ ਨੂੰ ਰਾਬਿਨ ਟਾਪੂ ਦੀ ਜੇਲ੍ਹ 'ਚ ਭੇਜਿਆ ਗਿਆ ਪਰ ਉਨ੍ਹਾਂ ਦਾ ਉਤਸ਼ਾਹ ਨਹੀਂ ਘਟਿਆ ਤੇ ਉਨ੍ਹਾਂ ਨੇ ਜੇਲ੍ਹ 'ਚ ਵੀ ਰੰਗ-ਭੇਦ ਦੀ ਨੀਤੀ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਜੀਵਨ ਦੇ 27 ਸਾਲ ਜੇਲ੍ਹ 'ਚ ਗੁਜ਼ਾਰਨ ਤੋਂ ਬਾਅਦ ਅਖੀਰ 11 ਫਰਵਰੀ 1990 ਨੂੰ ਉਨ੍ਹਾਂ ਦੀ ਰਿਹਾਈ ਹੋਈ। ਰਿਹਾਈ ਦੇ ਬਾਅਦ ਅੰਗਰੇਜ਼ ਸਰਕਾਰ ਨਾਲ ਸਮਝੌਤੇ ਤੋਂ ਬਾਅਦ ਉਨ੍ਹਾਂ ਨੇ ਇਕ ਲੋਕਤੰਤਰੀ ਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ। ਉਨ੍ਹਾਂ ਦੀ ਬਦੌਲਤ ਸਾਲ 1994 'ਚ ਦੱਖਣੀ ਅਫਰੀਕਾ ਵਿਚ ਰੰਗ-ਭੇਦ ਰਹਿਤ ਚੋਣਾਂ ਹੋਈਆਂ। ਮੰਡੇਲਾ ਦੀ ਅਗਵਾਈ ਵਿਚ ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਵੋਟ ਪ੍ਰਾਪਤ ਕੀਤੇ ਤੇ ਬਹੁਮਤ ਨਾਲ ਉਨ੍ਹਾਂ ਦੀ ਸਰਕਾਰ ਬਣੀ। 10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦੇ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 'ਚ ਸੰਸਦ ਤੋਂ ਸਹਿਮਤੀ ਮਿਲੀ, ਜਿਸ ਦੇ ਅਧੀਨ ਰਾਜਨੀਤਕ ਤੇ ਪ੍ਰਬੰਧਕੀ ਅਧਿਕਾਰਾਂ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਵਲੋਂ ਸੱਤਾ 'ਚ ਰਹਿੰਦਿਆਂ ਨਸਲੀ ਤੇ ਰੰਗ ਭੇਦਭਾਵ ਖ਼ਿਲਾਫ਼ ਕਈ ਠੋਸ ਨੀਤੀਆਂ ਬਣਾਈਆਂ ਗਈਆਂ, ਜਿਸ ਦੇ ਚਲਦਿਆਂ ਦੱਖਣੀ ਅਫ਼ਰੀਕਾ 'ਚ ਰੰਗ ਭੇਦਭਾਵ ਨੂੰ ਕਾਫੀ ਹੱਦ ਤੱਕ ਖ਼ਤਮ ਕਰ ਦਿੱਤਾ ਗਿਆ। 1997 'ਚ ਉਹ ਸਰਗਰਮ ਰਾਜਨੀਤੀ ਤੋਂ ਵੱਖ ਹੋ ਗਏ ਅਤੇ ਦੋ ਸਾਲ ਬਾਅਦ 1999 'ਚ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਛੱਡ ਦਿੱਤਾ। 2009 'ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 18 ਜੁਲਾਈ ਨੂੰ ਮੰਡੇਲਾ ਦੇ ਜਨਮ ਦਿਨ ਨੂੰ ਨੈਲਸਨ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਦੱਖਣੀ ਅਫਰੀਕਾ ਦੇ ਲੋਕ ਉਨ੍ਹਾਂ ਨੂੰ ਰਾਸ਼ਟਰ ਪਿਤਾ ਮੰਨਦੇ ਹਨ।
ਨੈਲਸਨ ਮੰਡੇਲਾ ਨੂੰ ਦੁਨੀਆ ਭਰ 'ਚ ਢਾਈ ਸੌ ਦੇ ਕਰੀਬ ਸਨਮਾਨ ਮਿਲੇ ਹਨ। 1993 ਵਿਚ ਉਨ੍ਹਾਂ ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਨਾਲ ਨਿਵਾਜਿਆ ਗਿਆ, ਜਿਸ ਨੂੰ ਉਨ੍ਹਾਂ ਨੇ ਸਾਬਕਾ ਅਫਰੀਕੀ ਰਾਸ਼ਟਰਪਤੀ ਐਫ.ਡਬਲਿਊ.ਡੀ ਕਲਾਰਕ ਨਾਲ ਸਾਂਝਾ ਕੀਤਾ। ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਆਫ ਫਰੀਡਮ, ਆਰਡਰ ਆਫ ਲੈਨਿਨ, ਭਾਰਤ ਰਤਨ, ਨਿਸ਼ਾਨ-ਏ-ਪਾਕਿਸਤਾਨ ਅਤੇ ਗਾਂਧੀ ਸ਼ਾਂਤੀ ਪੁਰਸਕਾਰ ਵੀ ਦਿੱਤੇ ਗਏ। ਨੈਲਸਨ ਫੇਫੜਿਆਂ ਦੀ ਬਿਮਾਰੀ ਕਾਰਨ 5 ਦਸੰਬਰ 2013 ਨੂੰ 95 ਸਾਲ ਦੀ ਉਮਰ 'ਚ ਆਪਣੇ ਘਰ ਜੋਹਾਨਸਬਰਗ ਵਿਖੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਦੁਨੀਆ 'ਚ ਅਜਿਹੇ ਮਹਾਨ ਲੋਕ ਬਹੁਤ ਘੱਟ ਹੁੰਦੇ ਹਨ, ਜੋ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਲਈ ਕੁਰਬਾਨ ਕਰ ਦਿੰਦੇ ਹਨ। ਅਜਿਹੇ ਸ਼ਖ਼ਸ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਅੱਜ ਵੀ ਕਈ ਦੇਸ਼ਾਂ ਨੂੰ ਮਨੁੱਖੀ ਭੇਦਭਾਵ ਦੂਰ ਕਰਨ ਲਈ ਨੈਸ਼ਨਲ ਮੰਡੇਲਾ ਵਰਗੇ ਮਹਾਨ ਵਿਅਕਤੀਆਂ ਦੀ ਲੋੜ ਹੈ।
-#16, ਏ ਫੋਕਲ ਪੁਆਇੰਟ, ਰਾਜਪੁਰਾ।
ਮੋਬਾ: 9417990040