19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ-ਚੀਨ ਸੰਬੰਧਾਂ ਵਿਚ ਸੁਧਾਰ

ਅਜੀਤ ਡੈਸਕ 18-07-2025

ਇਸ ਵਾਰ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀਆਂ ਹੋਈਆਂ ਵੱਖ-ਵੱਖ ਪੱਧਰਾਂ ਦੀਆਂ ਮੀਟਿੰਗਾਂ ਵਿਚ ਲੰਮੇ ਸਮੇਂ ਤੋਂ ਬਾਅਦ ਭਾਰਤ ਅਤੇ ਚੀਨ ਦੇ ਆਗੂ ਆਪਸ ਵਿਚ ਖੁੱਲ੍ਹ ਕੇ ਮਿਲੇ ਹਨ ਅਤੇ ਉਨ੍ਹਾਂ ਨੇ ਆਪਸੀ ਮਸਲਿਆਂ ਸੰਬੰਧੀ ਵਿਸਥਾਰਿਤ ਗੱਲਬਾਤ ਕੀਤੀ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਸਥਾਪਨਾ ਸਾਲ 2001 ਵਿਚ ਹੋਈ ਸੀ। ਇਸ ਸਮੇਂ ਭਾਰਤ ਸਮੇਤ ਇਸ ਦੇ 10 ਮੈਂਬਰ ਹਨ, ਜੋ ਨੇੜਲੇ ਗੁਆਂਢੀ ਹਨ। ਇਨ੍ਹਾਂ ਵਿਚ ਭਾਰਤ, ਰੂਸ, ਚੀਨ, ਕਜ਼ਾਕਿਸਤਾਨ, ਤਾਜਿਕਸਤਾਨ, ਉਜ਼ਬੇਕਸਿਤਾਨ, ਪਾਕਿਸਤਾਨ, ਈਰਾਨ, ਬੇਲਾਰੂਸ ਤੇ ਕਿਰਗਿਸਤਾਨ ਆਦਿ ਸ਼ਾਮਿਲ ਹਨ। ਇਨ੍ਹਾਂ ਦੀਆਂ ਮੀਟਿੰਗਾਂ ਹਰ ਸਾਲ ਵੱਖ-ਵੱਖ ਦੇਸ਼ਾਂ ਵਿਚ ਆਯੋਜਿਤ ਹੁੰਦੀਆਂ ਹਨ। ਸਾਰੇ ਦੇਸ਼ਾਂ ਕੋਲ ਆਪਣੀ ਗੱਲ ਕਹਿਣ ਦੇ ਨਾਲ-ਨਾਲ ਇਕੋ ਜਿਹੇ ਅਧਿਕਾਰ ਹਨ। ਚਾਹੇ ਇਸ ਸੰਗਠਨ ਦੀ ਸਥਾਪਨਾ ਤਾਂ ਇਨ੍ਹਾਂ ਦੇਸ਼ਾਂ ਵਿਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ, ਵਪਾਰ ਦੇ ਨਾਲ-ਨਾਲ ਹੋਰ ਸਾਰੇ ਖੇਤਰਾਂ ਵਿਚ ਸਹਿਯੋਗ ਵਧਾਉਣ ਅਤੇ ਭਰਾਤਰੀ ਭਾਈਚਾਰਾ ਬਣਾਈ ਰੱਖਣ ਲਈ ਹੋਈ ਸੀ ਪਰ ਇਨ੍ਹਾਂ ਵਿਚਕਾਰ ਕਿਤੇ ਨਾ ਕਿਤੇ ਟਕਰਾਅ ਵੀ ਅਕਸਰ ਦਿਖਾਈ ਦਿੰਦੇ ਰਹਿੰਦੇ ਹਨ। ਮਿਸਾਲ ਦੇ ਤੌਰ 'ਤੇ ਚੀਨ ਤੇ ਭਾਰਤ ਦਾ ਸਰਹੱਦੀ ਝਗੜਾ ਪਿਛਲੇ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ।
1962 ਦੀ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਚਾਹੇ ਕੋਈ ਵੱਡੀ ਜੰਗ ਤਾਂ ਨਹੀਂ ਹੋਈ ਪਰ ਆਪਸ ਵਿਚ ਦੋਹਾਂ ਦੀ ਮੁਕਾਬਲੇਬਾਜ਼ੀ ਤਾਂ ਚਲਦੀ ਹੀ ਰਹਿੰਦੀ ਹੈ ਅਤੇ ਸਰਹੱਦ 'ਤੇ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਹਨ। ਸਾਲ 2020 ਵਿਚ ਗਲਵਾਨ ਘਾਟੀ ਵਿਚ ਸਰਹੱਦ 'ਤੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਦੀਆਂ ਝੜਪਾਂ ਵਿਚ ਚੀਨ ਦੇ ਫ਼ੌਜੀਆਂ ਤੋਂ ਇਲਾਵਾ ਭਾਰਤ ਦੇ 20 ਫ਼ੌਜੀ ਵੀ ਮਾਰੇ ਗਏ ਸਨ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਰਹੱਦਾਂ 'ਤੇ ਵੱਡਾ ਟਕਰਾਅ ਲਗਾਤਾਰ ਬਣਿਆ ਰਿਹਾ ਸੀ। ਪਿਛਲੇ ਸਾਲ ਅਕਤੂਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ 'ਬ੍ਰਿਕਸ' ਸੰਮੇਲਨ ਦੌਰਾਨ ਆਪਸੀ ਗੱਲਬਾਤ ਹੋਈ ਸੀ, ਇਹ ਵੀ ਉਦੋਂ ਹੀ ਸੰਭਵ ਹੋ ਸਕਿਆ ਸੀ ਜਦੋਂ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਫ਼ੌਜੀ ਜਰਨੈਲਾਂ ਦੀਆਂ ਆਪਸ ਵਿਚ ਦਰਜਨਾਂ ਹੀ ਮੀਟਿੰਗਾਂ ਹੁੰਦੀਆਂ ਰਹੀਆਂ ਸਨ ਅਤੇ ਅਖ਼ੀਰ ਵਿਚ ਦੋਵਾਂ ਦੇਸ਼ਾਂ ਦਾ ਸਰਹੱਦੀ ਤਣਾਅ ਥੋੜ੍ਹਾ ਘਟ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸੰਭਵ ਹੋ ਸਕੀ ਸੀ। ਪਰ ਸ਼ੰਘਾਈ ਸਹਿਯੋਗ ਸੰਗਠਨ ਦੀਆਂ ਵੱਖ-ਵੱਖ ਮੀਟਿੰਗਾਂ ਵਿਚ ਦੋਵਾਂ ਦੇਸ਼ਾਂ ਦੇ ਆਗੂ ਅਤੇ ਪ੍ਰਤੀਨਿਧ ਆਪਸ ਵਿਚ ਜ਼ਰੂਰ ਮਿਲਦੇ ਰਹੇ ਹਨ। ਇਸੇ ਕੜੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀਆਂ ਚੀਨ ਦੇ ਆਪਣੇ ਬਰਾਬਰ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗਾਂ ਹੋਈਆਂ ਹਨ।
ਪਿਛਲੇ ਦਿਨੀਂ ਚੀਨ ਦੇ ਸ਼ਹਿਰ ਤਿਆਨਜਿਨ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਦੀ ਵੀ ਆਪਣੇ ਹਮਰੁਤਬਾ ਨਾਲ ਮੀਟਿੰਗ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ ਸੀ, ਜਿਸ ਵਿਚ ਆਪਸੀ ਮਸਲਿਆਂ ਨੂੰ ਵਿਚਾਰਿਆ ਗਿਆ ਸੀ। ਚੀਨ, ਤਿੱਬਤ ਅਤੇ ਦਲਾਈ ਲਾਮਾ ਦੇ ਮਸਲੇ 'ਤੇ ਬੜਾ ਭਾਵੁਕ ਰਿਹਾ ਹੈ। ਦਲਾਈ ਲਾਮਾ ਨੂੰ ਸ਼ਰਨ ਦੇਣ ਕਰਕੇ ਚੀਨ ਅਕਸਰ ਭਾਰਤ ਵਿਰੁੱਧ ਜ਼ਹਿਰ ਵੀ ਉਗਲਦਾ ਰਿਹਾ ਹੈ, ਪਰ ਭਾਰਤ ਨੇ ਇਸ ਬੋਧੀ ਧਰਮ-ਗੁਰੂ ਨਾਲ ਪਿਛਲੇ ਲੰਮੇ ਸਮੇਂ ਤੋਂ ਆਪਣੀ ਪਰੰਪਰਾ ਅਨੁਸਾਰ ਦੋਸਤੀ ਜ਼ਰੂਰ ਨਿਭਾਈ ਹੈ। ਹੁਣ ਵੀ ਦਲਾਈ ਲਾਮਾ ਦੇ ਉਤਰਾਧਿਕਾਰੀ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚ ਖਿਚਾਅ ਬਣਿਆ ਨਜ਼ਰ ਆਉਂਦਾ ਹੈ, ਪਰ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਦਾ ਆਪਸੀ ਵਪਾਰ ਜ਼ਰੂਰ ਨਿਰੰਤਰ ਚਲਦਾ ਰਿਹਾ ਹੈ। ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਵਿਚ ਹਰ ਤਰ੍ਹਾਂ ਦਾ ਉਤਪਾਦਨ ਕਰਨ ਦੇ ਅਮਲ ਨੂੰ ਉਤਸ਼ਾਹ ਦੇਣ ਦੀ ਨੀਤੀ ਅਪਣਾਈ ਹੈ, ਪਰ ਇਸ ਦੇ ਬਾਵਜੂਦ ਅੱਜ ਦੇ ਕੌਮਾਂਤਰੀ ਮਾਹੌਲ ਵਿਚ ਦੇਸ਼ਾਂ ਦਾ ਆਪਸੀ ਵਪਾਰ ਇਕ ਵੱਡੀ ਹਕੀਕਤ ਬਣ ਚੁੱਕਾ ਹੈ। ਚਾਹੇ ਅੱਜ ਵੀ ਦੋਵਾਂ ਦੇਸ਼ਾਂ ਦੇ ਆਪਸੀ ਵਪਾਰ ਵਿਚ ਵੱਡਾ ਅੰਤਰ ਹੈ। ਸਾਲ 2024-25 ਵਿਚ ਭਾਰਤ ਦਾ ਚੀਨ ਨਾਲ ਵਪਾਰਕ ਖਸਾਰਾ 8 ਲੱਖ ਕਰੋੜ ਤੋਂ ਵਧੇਰੇ ਸੀ ਪਰ ਫ਼ਿਰ ਵੀ ਦੋਵੇਂ ਦੇਸ਼ ਇਸ ਖੇਤਰ ਵਿਚ ਇਕ ਦੂਸਰੇ ਨਾਲ ਸਹਿਯੋਗ ਬਣਾਈ ਰੱਖਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਦੇ ਸੰਬੰਧ ਅਕਸਰ ਬਣਦੇ-ਵਿਗੜਦੇ ਰਹੇ ਹਨ। ਭਾਰਤ ਵਲੋਂ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਸਮੇਂ ਚੀਨ ਨੇ ਹਰ ਤਰ੍ਹਾਂ ਨਾਲ ਪਾਕਿ ਦੀ ਮਦਦ ਕੀਤੀ ਸੀ, ਪਰ ਇਸ ਦੇ ਬਾਵਜੂਦ ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ ਵਿਚ ਹਰ ਪੱਧਰ 'ਤੇ ਅੱਤਵਾਦ ਅਤੇ ਵੱਖਵਾਦ ਦੇ ਵਿਰੁੱਧ ਆਵਾਜ਼ ਉਠਾਈ ਹੈ। ਇਸੇ ਕਰਕੇ ਰੱਖਿਆ ਮੰਤਰੀਆਂ ਦੀ ਉਸ ਦੀ ਮੀਟਿੰਗ ਵਿਚ ਕੋਈ ਸਾਂਝਾ ਮਤਾ ਪਾਸ ਨਹੀਂ ਸੀ ਹੋ ਸਕਿਆ।
ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਵੀ ਐੱਸ. ਜੈਸ਼ੰਕਰ ਨੇ ਭਾਰਤ ਦੇ ਨਜ਼ਰੀਏ ਨੂੰ ਸਪੱਸ਼ਟ ਰੂਪ ਵਿਚ ਸੰਗਠਨ ਦੇ ਦੇਸ਼ਾਂ ਦੇ ਸਾਹਮਣੇ ਰੱਖਿਆ ਹੈ ਪਰ ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਦਾ ਆਪੋ-ਆਪਣੀਆਂ ਨੀਤੀਆਂ ਅਤੇ ਲੋੜਾਂ ਅਨੁਸਾਰ ਕੁਝ ਖੇਤਰਾਂ ਵਿਚ ਸਹਿਯੋਗ ਬਣਿਆ ਨਜ਼ਰ ਆ ਰਿਹਾ ਹੈ। ਇਸ ਸੰਦਰਭ ਵਿਚ ਸਿੱਧੀਆਂ ਹਵਾਈ ਉਡਾਣਾਂ ਦੇ ਨਾਲ-ਨਾਲ ਆਪਸੀ ਵੀਜ਼ਿਆਂ ਦੀਆਂ ਰੁਕਾਵਟਾਂ ਨੂੰ ਕਾਫ਼ੀ ਆਸਾਨ ਬਣਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ। ਚੀਨ ਵਿਚ ਸਥਿਤ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਸਿਲਸਿਲਾ ਦੁਬਾਰਾ ਸ਼ੁਰੂ ਕੀਤਾ ਜਾਣਾ ਵੀ ਦੋਵਾਂ ਦੇਸ਼ਾਂ ਵਿਚ ਬਣ ਰਹੀ ਆਪਸੀ ਸੂਝ-ਬੂਝ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ। ਚਾਹੇ ਇਸ ਸਭ ਕੁਝ ਦੇ ਬਾਵਜੂਦ ਚੀਨ 'ਤੇ ਅਜੇ ਵਿਸ਼ਵਾਸ ਕੀਤਾ ਜਾਣਾ ਬੇਹੱਦ ਮੁਸ਼ਕਿਲ ਹੈ ਪਰ ਜੇਕਰ ਦੋਵਾਂ ਦੇਸ਼ਾਂ ਦੇ ਸੰਬੰਧ ਠੀਕ ਹੁੰਦੇ ਹਨ ਤਾਂ ਇਹ ਦੋਵਾਂ ਲਈ ਹੀ ਲਾਭਦਾਇਕ ਸਾਬਿਤ ਹੋ ਸਕਦੇ ਹਨ। ਸ਼ਾਇਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਇਸ ਸਾਲ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਜਾਪਦਾ ਹੈ ਕਿ, ਭਾਰਤ ਵੀ ਆਪਣੇ ਇਰਾਦਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ। ਠੀਕ ਹੁੰਦੇ ਸੰਬੰਧ ਦੋਵਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਰਾਜਨੀਤਕ ਪਾਰਟੀਆਂ ਜਾਤਪਾਤ ਨੂੰ ਖਤਮ ਨਹੀਂ ਹੋਣ ਦੇਣਗੀਆਂ! ਅਗਲੀ ਖ਼ਬਰ ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।