25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲੱਕੜ ਦੀ ਪਲੇਟ

ਅਜੀਤ ਡੈਸਕ 19-07-2025

ਗੁਰਿੰਦਰ ਸੱਤ-ਅੱਠ ਸਾਲ ਦਾ ਬੱਚਾ ਸੀ। ਉਸ ਦੇ ਮਾਂ-ਬਾਪ ਅਤੇ ਉਸ ਦੇ ਦਾਦਾ ਜੀ ਲੰਡਨ ਸ਼ਹਿਰ ਵਿਚ ਰਹਿ ਰਹੇ ਸਨ। ਉਸ ਦੇ ਦਾਦਾ ਜੀ ਸ. ਮਲਕੀਤ ਸਿੰਘ ਬਹੁਤ ਬਜ਼ੁਰਗ ਹੋ ਚੁੱਕੇ ਸਨ। ਉਨ੍ਹਾਂ ਦੇ ਹੱਥ-ਪੈਰ ਕੰਬਣ ਲੱਗ ਪਏ ਸਨ। ਜਦੋਂ ਗੁਰਿੰਦਰ ਦੇ ਮੰਮੀ-ਡੈਡੀ ਕੰਮ 'ਤੇ ਚਲੇ ਜਾਂਦੇ ਤਾਂ ਉਸ ਦੇ ਦਾਦਾ ਜੀ ਹੀ ਉਸ ਦਾ ਖ਼ਿਆਲ ਰੱਖਦੇ ਸਨ। ਉਹ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦਾ ਸੀ।
ਕੁਝ ਦਿਨਾਂ ਤੋਂ ਗੁਰਿੰਦਰ ਦੇਖ ਰਿਹਾ ਸੀ ਕਿ ਉਸ ਦੀ ਮੰਮੀ ਕੁਝ ਖਿਝੀ-ਖਿਝੀ ਅਤੇ ਗ਼ੁੱਸੇ ਵਿਚ ਰਹਿੰਦੀ ਸੀ। ਇਸ ਦਾ ਕਾਰਨ ਸੀ ਘਰ ਵਿਚ ਆਈਆਂ ਨਵੀਆਂ ਕੀਮਤੀ ਕੱਚ ਦੀਆਂ ਪਲੇਟਾਂ, ਜੋ ਮਹਿੰਗੀਆਂ ਸਨ । ਦਾਦਾ ਜੀ ਦੇ ਕੰਬਦੇ ਹੱਥਾਂ 'ਚੋਂ ਡਿੱਗ ਕੇ ਉਨ੍ਹਾਂ ਵਿਚੋਂ ਦੋ ਪਲੇਟਾਂ ਟੁੱਟ ਗਈਆਂ ਸਨ ਅਤੇ ਉਸ ਦੀ ਮੰਮੀ ਦਾਦਾ ਜੀ ਨੂੰ ਗ਼ੁੱਸੇ ਵਿਚ ਕਹਿ ਰਹੀ ਸੀ,'ਭਾਪਾ ਜੀ! ਇਹ ਕੀ ਚੰਦ ਚੜ੍ਹਾਈ ਜਾਂਦੇ ਓ ? ਕੀਮਤੀ ਬਲੌਰ ਦੀਆਂ ਪਲੇਟਾਂ ਤੋੜੀ ਜਾਂਦੇ ਓ; ਧਿਆਨ ਨਾਲ ਨਹੀਂ ਫੜ ਹੁੰਦੀਆਂ?' ਦਾਦਾ ਜੀ ਚੁੱਪਚਾਪ ਉਸ ਦੇ ਮੂੰਹ ਵੱਲ ਹੀ ਦੇਖਦੇ ਰਹਿ ਗਏ ਸਨ।
ਅਗਲੇ ਦਿਨ ਉਸ ਦੀ ਮੰਮੀ ਉਸ ਦੇ ਡੈਡੀ ਨੂੰ ਕਹਿ ਰਹੀ ਸੀ, 'ਦੇਖੋ ਜੀ! ਤੁਹਾਡੇ ਪਿਓ ਨੇ ਕਿੰਨਾ ਨੁਕਸਾਨ ਕਰ ਦਿੱਤਾ ਇਕ ਹੋਰ ਪਲੇਟ ਤੋੜ ਦਿੱਤੀ ਇਹ ਹੁਣ ਘਰ 'ਚ ਰੱਖਣ ਦੀ ਚੀਜ਼ ਨਹੀਂ ਰਿਹਾ.. ਚਲੋ, ਇਨ੍ਹਾਂ ਨੂੰ ਓਲਡ-ਹੋਮ ਵਿਚ ਛੱਡ ਆਈਏ।'
ਅਗਲੇ ਦਿਨ ਸਵੇਰੇ-ਸਵੇਰੇ ਉਹ ਗੁਰਿੰਦਰ ਦੇ ਦਾਦਾ ਜੀ ਨੂੰ 'ਓਲਡ-ਹੋਮ' ਛੱਡਣ ਲਈ ਗੱਡੀ 'ਚ ਬਿਠਾ ਕੇ ਚਲੇ ਗਏ।'
ਜਦੋਂ ਦੋਵੇਂ ਮੀਆਂ-ਬੀਵੀ ਘਰ ਵਾਪਿਸ ਮੁੜੇ ਤਾਂ ਕੀ ਦੇਖਦੇ ਹਨ ਕਿ ਗੁਰਿੰਦਰ ਆਪਣੇ ਹੱਥ ਵਿਚ ਇਕ ਲੱਕੜ ਦੀ ਪਲੇਟ ਲਈ ਬੈਠਾ ਸੀ। ਉਸ ਦੇ ਡੈਡੀ ਨੇ ਪੁੱਛਿਆ, 'ਪੁੱਤਰ ਇਹ ਲੱਕੜ ਦੀ ਪਲੇਟ ਤੂੰ ਕੀ ਕਰਨੀ ਏਂ? ਕਿੱਥੋਂ ਲਈ ਤੂੰ ਇਹ?'
ਗੁਰਿੰਦਰ ਬੋਲਿਆ, 'ਡੈਡੀ ਜੀ! ਜਦੋਂ ਆਪਾਂ ਇੰਡੀਆ ਗਏ ਸੀ ਤਾਂ ਦੀਪ ਦੀਦੀ ਨੇ ਲੱਕੜ ਦੇ ਖਿਡਾਉਣੇ ਮੈਨੂੰ ਗਿਫ਼ਟ ਕੀਤੇ ਸਨ... ਹੁਣ ਆਪਾਂ ਘਰ 'ਚ ਇਹੋ ਪਲੇਟ ਵਰਤਾਂਗੇ। ਜੇ ਕਿਤੇ ਕੱਲ੍ਹ ਨੂੰ ਤੁਹਾਡੇ ਹੱਥ ਕੰਬਣ ਲੱਗ ਪਏ... ਕੱਚ ਦੀ ਪਲੇਟ ਟੁੱਟ ਗਈ, ਤਾਂ ਕਿਤੇ ਤੁਹਾਨੂੰ ਵੀ 'ਓਲਡ-ਹੋਮ' ਨਾ ਜਾਣਾ ਪੈ ਜਾਵੇ।' ਗੁਰਿੰਦਰ ਦੀ ਗੱਲ ਸੁਣ ਕੇ ਦੋਵੇਂ ਮੀਆਂ-ਬੀਵੀ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਅਤੇ ਉਸੇ ਸਮੇਂ ਆਪਣੇ ਬਾਪ ਨੂੰ ਵਾਪਿਸ ਲੈਣ ਚਲੇ ਗਏ।

-ਮੋਬਾਈਲ : +1-647-403-1299

ਪਿਛਲੀ ਖ਼ਬਰ ਆਓ, ਰੇਡੀਓਲੋਜੀ ਬਾਰੇ ਜਾਣੀਏ ਅਗਲੀ ਖ਼ਬਰ ਬਾਲ ਗੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।