ਭਦੌੜ, 3 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਆਮ ਆਦਮੀ ਪਾਰਟੀ ਦੀ ਸੱਤਾਧਾਰੀ ਸਰਕਾਰ ਆਪਣੇ ਅਖੀਰਲੇ ਪੜਾਅ ਵਿਚ ਪਹਿਲੀ ਵਾਰ ਨਗਰ ਕੌਂਸਲਾਂ ਚੋਣਾਂ ਲੜਨ ਜਾ ਰਹੀ ਹੈ ਜਿਸ ਨੇ ਆਪਣੇ ਸ਼ਹਿਰੀ ਆਧਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਹਮਾਇਤੀਆਂ ਨੂੰ ਜਿਤਾਉਣ ਲਈ ਲੁਕਵੇਂ ਤਰੀਕੇ ਨਾਲ ਕਸਬੇ ਦੇ ਸਾਰੇ ਵਾਰਡਾਂ ਦੀ ਨਵੇਂ ਸਿਰੇ ਤੋਂ ਕੀਤੀ ਹੱਦਬੰਦੀ ਨੇ ਸਿਆਸੀ ਪਾਰਟੀਆਂ ਦੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਭੰਬਲ ਭੂਸੇ ਵਿਚ ਪਾਇਆ ਹੋਇਆ ਹੈ | ਨਗਰ ਕੌਂਸਲ ਚੋਣਾਂ ਦਾ ਭਾਵੇਂ ਰਸਮੀ ਐਲਾਨ ਨਹੀਂ ਹੋਇਆ ਪਰ ਸਿਆਸੀ ਮਾਹਿਰਾਂ ਅਨੁਸਾਰ ਸਰਕਾਰ ਜਨਵਰੀ 2026 ਅੰਦਰ ਕਿਸੇ ਵਕਤ ਵੀ ਐਲਾਨ ਕਰ ਸਕਦੀ ਹੈ ਕਿਉਂਕਿ ਫਰਵਰੀ ਅੰਦਰ ਬੱਚਿਆਂ ਦੇ ਫਾਈਨਲ ਪੇਪਰਾਂ ਦਾ ਸਮਾਂ ਹੈ ਜਿਸ ਕਰ ਕੇ ਚੋਣਾਂ ਲੜਨ ਦੇ ਚਾਹਵਾਨਾਂ ਨੇ ਅੰਦਰੋਂ ਅੰਦਰੀਂ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਹੁਣ ਨਵੀਂ ਹੱਦਬੰਦੀ ਹੋਣ ਕਾਰਨ ਸਾਰੇ ਸਮੀਕਰਨ ਹੀ ਬਦਲ ਗਏ ਹਨ | ਇਨ੍ਹਾਂ ਚੋਣਾਂ ਨੂੰ ਲੈ ਕੇ ਇਸ ਵਾਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਅੰਦਰ ਚੋਣਾਂ ਲੜਨ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਜਿਸ ਕਰ ਕੇ ਆਪਣੀ ਮਰਜ਼ੀ ਨਾਲ ਵਾਰਡਬੰਦੀ ਕਰਵਾਈ ਗਈ ਹੈ ਅਤੇ ਕਈ ਵਾਰਡਾਂ ਅੰਦਰ ਆਪ ਦੇ ਵਰਕਰ ਹੀ ਇਕ ਦੂਜੇ ਦੇ ਸਾਹਮਣੇ ਹੋਣ ਦੇ ਆਸਾਰ ਬਣੇ ਹੋਏ ਹਨ | ਇਸ ਨਵੀਂ ਹੱਦਬੰਦੀ ਨੂੰ ਲੈ ਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਧੰਮੀ ਅਤੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ ਨੇ ਕਿਹਾ ਕਿ ਸਰਕਾਰ ਨੇ ਨਵੀਂ ਹੱਦਬੰਦੀ ਕਰ ਕੇ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਲੋਕਾਂ ਦੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕੀਤਾ ਹੈ ਜੋ ਪੂਰੀ ਤਰ੍ਹਾਂ ਗ਼ਲਤ ਹੈ ਇਸ ਹੱਦਬੰਦੀ ਦਾ ਕਾਰਜ ਸਾਧਕ ਅਫ਼ਸਰ ਵਲੋਂ ਨਾ ਕੋਈ ਨਕਸ਼ਾ ਜਾਂ ਕੋਈ ਬੋਰਡ ਨਹੀਂ ਲਾਇਆ ਗਿਆ ਤੇ ਨਾ ਹੀ ਕੋਈ ਅਨਾਊਸਮੈਂਟ ਕਰਵਾਈ ਗਈ ਹੈ | ਜਿਸ ਕਰ ਕੇ ਇਹ ਹੱਦਬੰਦੀ ਕਾਨੂੰਨੀ ਤੌਰ 'ਤੇ ਗ਼ਲਤ ਹੈ ਜਿਸ ਨੂੰ ਲੈ ਕੇ ਬਹੁਤ ਜਲਦ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੱਦਬੰਦੀ ਸਬੰਧੀ ਨਕਸ਼ਾ ਕੌਂਸਲ ਵਿਖੇ ਨੋਟਿਸ ਬੋਰਡ 'ਤੇ ਲਗਾਇਆ ਗਿਆ ਸੀ ਤੇ ਇਤਰਾਜ਼ ਵੀ ਮੰਗੇ ਸਨ ਇਸ ਉਪਰੰਤ ਹੀ ਨਕਸ਼ਾ ਪ੍ਰਵਾਨਗੀ ਲਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ |