06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਰੌਦ ਵਿਖੇ ਬੇਖ਼ੌਫ ਚੋਰਾਂ ਨੇ ਕਰੀਬ 2 ਦਰਜਨ ਕਿਸਾਨਾਂ ਦੇ ਖੇਤਾਂ 'ਚੋਂ ਮੋਟਰਾਂ ਦੀਆਂ ਕੇਬਲਾਂ ਅਤੇ 2 ਟਰਾਂਸਫ਼ਾਰਮਰਾਂ ਦਾ ਸਾਮਾਨ ਕੀਤਾ ਚੋਰੀ <br/>

ਅਜੀਤ ਡੈਸਕ 21-11-2025
ਮਲੇਰਕੋਟਲਾ, 20 ਨਵੰਬਰ (ਮਨਜਿੰਦਰ ਸਿੰਘ ਸਰੌਦ)-ਬੀਤੀ ਲੰਘੀ ਰਾਤ ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਪੈਂਦੇ ਪਿੰਡ ਸਰੌਦ ਵਿਖੇ ਬੇਖ਼ੌਫ ਚੋਰਾਂ ਵਲੋਂ ਸਰੌਦ ਤੋਂ ਬਾਲੇਵਾਲ ਨੂੰ ਜਾਂਦੀ ਸੜਕ ਦੇ ਆਲੇ ਦੁਆਲੇ ਕਰੀਬ 2 ਦਰਜਨ ਕਿਸਾਨਾਂ ਦੇ ਖੇਤਾਂ ਅੰਦਰੋਂ ਮੋਟਰਾਂ ਦੀਆਂ ਕੇਬਲਾਂ ਅਤੇ 2 ਟਰਾਂਸਫ਼ਾਰਮਰਾਂ ਦਾ ਸਮਾਨ ਚੋਰੀ ਕਰ ਲਿਆ | ਇਲਾਕੇ ਅੰਦਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤੋਂ ਕੇਬਲਾਂ ਅਤੇ ਟਰਾਂਸਫ਼ਾਰਮਰ ਚੋਰੀ ਹੋ ਚੁੱਕੇ ਹਨ | ਹੈਰਾਨੀਜਨਕ ਤੱਥ ਇਹ ਹੈ ਕਿ ਵੱਡੀ ਪੱਧਰ 'ਤੇ ਚੋਰੀਆਂ ਹੋਣ ਦੇ ਬਾਵਜੂਦ ਅਜੇ ਤੱਕ ਪੁਲਿਸ ਵਲੋਂ ਕੋਈ ਖ਼ਾਸ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ | ਚੋਰਾਂ ਵਲੋਂ ਪਿੰਡ ਸਰੌਦ ਵਿਖੇ ਜਿਹੜੇ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ ਦੇ ਵਿਚ ਬਿੱਕਰ, ਹਰਨੇਕ ਦਾਸ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਬਹਾਦਰ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ, ਸਤਿਨਾਮ ਸਿੰਘ, ਗੁਰਜੰਟ ਸਿੰਘ, ਕਰਨੈਲ ਸਿੰਘ, ਚਮਕੌਰ ਸਿੰਘ, ਚੇਤ ਸਿੰਘ, ਨੇਤਰ ਸਿੰਘ ਆਦਿ ਸ਼ਾਮਿਲ ਹਨ | ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਇੱਕ ਤਾਂ ਚੋਰਾਂ ਵਲੋਂ ਕੇਬਲਾਂ ਦੇ ਟੋਟੇ ਕਰ ਦਿੱਤੇ ਗਏ ਹਨ ਉਲਟਾ ਹੁਣ ਉਨ੍ਹਾਂ ਨੂੰ ਹੋਰ ਕੇਬਲਾਂ ਲਿਆ ਕੇ ਪਾਉਣੀਆਂ ਪੈਣਗੀਆਂ | ਕਿਸਾਨਾਂ ਵਲੋਂ ਕਣਕ ਦੀ ਫ਼ਸਲ ਨੂੰ ਪਾਣੀ ਲਗਾਉਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਪਰ ਚੋਰਾਂ ਵਲੋਂ ਮਚਾਏ ਤਾਂਡਵ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਰੋਸ ਹੈ | ਕਿਸਾਨਾਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਪੁਲਿਸ ਇਨ੍ਹਾਂ ਬੇਲਗ਼ਾਮ ਹੋ ਚੁੱਕੇ ਚੋਰਾਂ ਨੂੰ ਕਾਬੂ ਕਰ ਕੇ ਜੇਲ੍ਹਾਂ ਦੀਆਂ ਸਲਾਖ਼ਾਂ ਦੇ ਪਿੱਛੇ ਕਰੇ ਤਾਂ ਕਿ ਕਿਸਾਨਾਂ ਦੀ ਜਾਨ ਸੁਖਾਲੀ ਹੋਵੇ | ਉੱਧਰ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਕਿਉਂਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਸਮਾਨ ਚੋਰੀ ਹੋ ਰਿਹਾ ਹੈ | ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਵੀ ਕੋਈ ਫ਼ਾਇਦਾ ਨਹੀਂ ਕਿਉਂਕਿ ਅੱਜ ਤੱਕ ਕੇਬਲ ਚੋਰਾਂ ਦੇ ਖ਼ਿਲਾਫ਼ ਸ਼ਾਇਦ ਹੀ ਕੋਈ ਕਾਰਵਾਈ ਹੋਈ ਹੋਵੇ | ਜਦ ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਪੁਸ਼ਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਗਾਉਣੇ ਚਾਹੀਦੇ ਹਨ, ਉਹ ਇਸ ਸਬੰਧੀ ਜਾਣਕਾਰੀ ਲੈ ਕੇ ਕਾਰਵਾਈ ਕਰਨਗੇ ਅਤੇ ਕਿਸੇ ਦੋਸ਼ੀ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |


ਗੱਲਬਾਤ ਕਰਦੇ ਹੋਏ ਕਿਸਾਨ | ਤਸਵੀਰ: ਮਨਜਿੰਦਰ ਸਿੰਘ ਸਰੌਦ


ਪਿਛਲੀ ਖ਼ਬਰ ਅਲੌਕਿਕ ਨਗਰ ਕੀਰਤਨ ਦਾ ਮਲੇਰਕੋਟਲਾ ਪਹੁੰਚਣ 'ਤੇ ਹਜ਼ਾਰਾਂ ਸੰਗਤਾਂ ਵਲੋਂ ਨਿੱਘਾ ਸਵਾਗਤ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਤਿੰਨ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਨਹੀਂ ਹੋਈ ਬਹਾਲ, ਮੁਲਾਜ਼ਮਾਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।