ਬਰਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ ਮਿਤੀ 20 ਨਵੰਬਰ ਨੂੰ ਜ਼ਿਲ੍ਹਾ ਬਰਨਾਲਾ ਵਿਚ ਪਹੁੰਚੇਗਾ | ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬਾਨ ਨੂੰ ਸਮਰਪਿਤ ਇਹ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ | ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਅੱਜ ਗੁਰਦੁਆਰਾ ਸੋਹੀਆਣਾ ਸਾਹਿਬ ਨੇੜੇ ਨਗਰ ਕੀਰਤਨ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ 44 ਕਿ.ਮੀ. ਲੰਮਾ ਰਸਤਾ ਤਪਾ ਮੰਡੀ ਤੋਂ ਸ਼ੁਰੂ ਹੋ ਕੇ ਬਡਬਰ ਵਿਖੇ ਹੋਵੇਗਾ, ਜਿਸ ਤੋਂ ਬਾਅਦ ਨਗਰ ਕੀਰਤਨ ਜ਼ਿਲ੍ਹਾ ਸੰਗਰੂਰ ਵਿਚ ਦਾਖਲ ਹੋ ਜਾਵੇਗਾ | ਇਸ ਮੌਕੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਹੱਦ ਵਿਚ ਦਾਖਲ ਹੋਣ 'ਤੇ ਨਗਰ ਕੀਰਤਨ ਨੂੰ ਪੰਜਾਬ ਪੁਲਸ ਵਲੋਂ ਗਾਰਡ ਆਫ਼ ਆਨਰ ਦਿੱਤਾ ਜਾਵੇਗਾ | ਤਪਾ ਤੋਂ ਨਗਰ ਕੀਰਤਨ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਨੇੜੇ ਪੈਟਰੋਲ ਪੰਪ ਵਿਖੇ ਥੋੜ੍ਹੀ ਦੇਰ ਲਈ ਰੁਕੇਗਾ, ਜਿੱਥੇ ਸੰਗਤ ਲਈ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪੂਰਾ ਰਸਤਾ ਪੰਜ ਸੈਕਟਰਾਂ ਵਿਚ ਵੰਡਿਆ ਗਿਆ ਹੈ | ਪਹਿਲਾ ਸੈਕਟਰ ਤਪਾ ਤੋਂ ਗੁਰਦੁਆਰਾ ਸੋਹੀਆਣਾ ਸਾਹਿਬ, ਦੂਸਰਾ ਸੋਹੀਆਣਾ ਸਾਹਿਬ ਤੋਂ ਹੰਡਿਆਇਆ ਚੌਕ, ਤੀਜਾ ਹੰਡਿਆਇਆ ਚੌਕ ਤੋਂ ਕਚਹਿਰੀ ਚੌਕ, ਚੌਥਾ ਕਚਹਿਰੀ ਚੌਕ ਤੋਂ ਆਈ.ਟੀ.ਆਈ. ਚੌਕ ਅਤੇ ਪੰਜਵਾਂ ਆਈ.ਟੀ.ਆਈ. ਚੌਕ ਤੋਂ ਬਡਬਰ ਤੱਕ ਹੋਵੇਗਾ | ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ | ਨਗਰ ਕੌਂਸਲ ਤਪਾ ਅਤੇ ਬਰਨਾਲਾ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪੂਰੇ ਰਸਤੇ ਦੀ ਢੰਗ ਨਾਲ ਸਫ਼ਾਈ ਕੀਤੀ ਜਾਵੇ | ਸਿਹਤ ਵਿਭਾਗ ਅਤੇ ਫਾਇਰ ਬਿ੍ਗੇਡ ਵਲੋਂ ਵੀ ਇੱਕ-ਇੱਕ ਟੀਮ ਨਗਰ ਕੀਰਤਨ ਨਾਲ ਤਾਇਨਾਤ ਕੀਤੀ ਜਾਵੇਗੀ | ਬਿਜਲੀ ਵਿਭਾਗ ਨੂੰ ਹਿਦਾਇਤ ਕੀਤੀ ਗਈ ਕਿ ਨਗਰ ਕੀਰਤਨ ਦੇ ਰਸਤੇ ਵਿਚ ਕਿਤੇ ਵੀ ਨੀਵੇਂ ਤਾਰ ਨਾ ਹੋਣ | ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਨਗਰ ਕੀਰਤਨ ਦੇ ਰਸਤੇ ਅਤੇ ਅਸਥਾਈ ਵਿਸ਼ਰਾਮ ਸਥਾਨਾਂ ਉੱਤੇ ਚੰਗੀਆਂ ਪਾਰਕਿੰਗ ਅਤੇ ਸੁਰੱਖਿਆ ਵਿਵਸਥਾਵਾਂ ਯਕੀਨੀ ਬਣਾਈਆਂ ਜਾਣਗੀਆਂ | ਇਸ ਮੌਕੇ ਏ.ਡੀ.ਸੀ. (ਡੀ) ਸਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ |