ਬਰਨਾਲਾ, 18 ਨਵੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹਾਦਤ ਮੌਕੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਪੱਧਰੀ ਸੈਮੀਨਾਰ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਅੰਗਰੇਜ਼ ਸਿੰਘ ਭਦੌੜ, ਮੱਖਣ ਸਿੰਘ ਭੈਣੀਬਾਘਾ ਅਤੇ ਭਰਾਤਰੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਨਰਲ ਸਕੱਤਰ ਪਿ੍ਤਪਾਲ ਸਿੰਘ ਮੰਡੀਕਲਾਂ ਨੇ ਕੀਤੀ | ਸੈਮੀਨਾਰ ਉਪਰੰਤ ਸ਼ਹਿਰ ਵਿਚ ਮਾਰਚ ਵੀ ਕੀਤਾ ਗਿਆ | ਇਸ ਮੌਕੇ ਮੁੱਖ ਬੁਲਾਰੇ ਸੂਬਾ ਆਗੂ ਅੰਗਰੇਜ਼ ਸਿੰਘ ਭਦੌੜ, ਗੁਰਦੀਪ ਸਿੰਘ ਰਾਮਪੁਰਾ ਨੇ ਸਿੱਖ ਇਤਿਹਾਸ ਖ਼ਾਸ ਕਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸੇਧ, ਜ਼ਬਰ ਜ਼ੁਲਮ ਖ਼ਿਲਾਫ਼ ਜੂਝਣ ਦੀ ਜੁਝਾਰੂ ਪਰੰਪਰਾ ਉੱਪਰ ਪੂਰੇ ਵਿਸਥਾਰ ਅਤੇ ਇਤਿਹਾਸਕ ਤੱਥਾਂ ਸਹਿਤ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਸਾਮਰਾਜੀ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਦੀ ਪੂਰਤੀ ਲਈ ਮੋਦੀ ਹਕੂਮਤ ਵਲੋਂ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਨੀਤੀਆਂ ਅਤੇ ਸੰਘਰਸ਼ ਕਰ ਰਹੇ ਲੋਕਾਂ ਖ਼ਿਲਾਫ਼ ਲਾਗੂ ਕੀਤੇ ਜਾ ਰਹੇ ਜਾਬਰ ਕਾਨੂੰਨਾਂ ਦਾ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਬਾਬਾ ਜੀਵਨ ਸਿੰਘ, ਗੁਰੂ ਤੇਗ਼ ਬਹਾਦਰ ਆਦਿ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਨਾ ਹਾਸਲ ਕਰਦਿਆਂ ਸੰਘਰਸ਼ਾਂ ਨੂੰ ਹੋਰ ਉਚੇਰੇ ਪੱਧਰ 'ਤੇ ਲਿਜਾਣ ਦੀ ਲੋੜ 'ਤੇ ਜ਼ੋਰ ਦਿੱਤਾ | ਮੱਖਣ ਸਿੰਘ ਭੈਣੀਬਾਘਾ ਅਤੇ ਪਿ੍ਤਪਾਲ ਸਿੰਘ ਮੰਡੀਕਲਾਂ, ਸੂਬਾ ਜਥੇਬੰਦਕ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮੁਗ਼ਲ ਸਾਮਰਾਜ ਖ਼ਿਲਾਫ਼ ਜੂਝਣ ਅਤੇ ਜਾਬਰਾਂ ਖ਼ਿਲਾਫ਼ ਨਾਬਰੀ ਦਾ ਇਤਿਹਾਸ ਸਿਰਜਣ ਵਾਲੇ ਯੋਧਿਆਂ ਨੂੰ ਯਾਦ ਕਰਦਿਆਂ ਪੇਸ਼ ਕੀਤੇ ਮਤਿਆਂ ਰਾਹੀਂ ਸਿੱਖ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀ ਰਿਹਾਅ ਕਰਨ, ਬਿਨਾਂ ਮੁਕੱਦਮੇ ਚਲਾਏ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ, ਸਿਆਸੀ ਕਾਰਕੁਨਾਂ ਨੂੰ ਰਿਹਾਅ ਕਰਨ, ਯੂ.ਏ.ਪੀ.ਏ, ਐਨ.ਐਸ.ਏ, ਪੀ.ਐਮ.ਐਲ.ਏ, ਅਫਸਪਾ ਆਦਿ ਕਾਲੇ ਕਾਨੂੰਨ ਰੱਦ ਕਰਨ, ਡੈਮ ਸੇਫਟੀ ਐਕਟ ਰੱਦ ਕਰਨ, ਬਿਜਲੀ ਸੋਧ ਬਿਲ-2025 ਵਾਪਸ ਲੈਣ, ਪੰਜਾਬ ਯੂਨੀਵਰਸਿਟੀ ਸੈਨਟ ਦੀਆਂ ਚੋਣਾਂ ਦਾ ਐਲਾਨ ਕਰਨ, ਨਵੀਂ ਸਿੱਖਿਆ ਨੀਤੀ-2020 ਵਾਪਸ ਲੈਣ, ਪੰਜਾਬ ਬਿਜਲੀ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਦਿ ਬੇਸ਼ਕੀਮਤੀ ਜਾਇਦਾਦਾਂ ਵੇਚਣੀਆਂ ਬੰਦ ਕਰਨ, ਸੋਨਮ ਵਾਂਗ ਚੁੱਕ ਨੂੰ ਰਿਹਾਅ ਕਰਨ, ਅਪ੍ਰੇਸ਼ਨ 'ਕਗਾਰ' ਬੰਦ ਕਰਨ ਆਦਿ ਦੇ ਮਤੇ ਜੋਸ਼ੀਲੇ ਨਾਅਰਿਆਂ ਨਾਲ ਪਾਸ ਕੀਤੇ ਗਏ | ਤਰਕਸ਼ੀਲ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਜੋਸ਼ੀਲਾ ਮਾਰਚ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਤੇ ਕਿਸਾਨ ਬੀਬੀਆਂ ਹਾਜ਼ਰ ਸਨ |