ਮਹਿਲ ਕਲਾਂ, 18 ਨਵੰਬਰ (ਅਵਤਾਰ ਸਿੰਘ ਅਣਖੀ)-ਤਰਨਤਾਰਨ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਮਜ਼ਬੂਤ ਧਿਰ ਵਜੋਂ ਸਾਹਮਣੇ ਆਉਣ ਨਾਲ ਅਕਾਲੀ ਵਰਕਰਾਂ, ਆਗੂਆਂ ਦੇ ਹੌਸਲੇ ਬੁਲੰਦ ਹੋਏ ਹਨ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸ਼ਾਨਦਾਰ ਨਤੀਜੇ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਅੰਦਰ ਸਰਕਾਰ ਬਣਾਉਣ ਦੇ ਸਪਸ਼ਟ ਸੰਕੇਤ ਮਿਲੇ ਹਨ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਧਿਰ ਬਣ ਕੇ ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝਣ ਵਾਲੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਆਗੂਆਂ, ਵਰਕਰਾਂ ਵਲੋਂ ਕੀਤੀ ਦਿਨ ਰਾਤ ਦੀ ਮਿਹਨਤ ਰੰਗ ਲਿਆਈ ਹੈ | ਜਥੇ: ਨਾਥ ਸਿੰਘ ਹਮੀਦੀ ਨੇ ਕਿਹਾ ਕਿ ਤਰਨਤਾਰਨ ਏਰੀਆ ਨਾਲ ਸੰਬੰਧਿਤ ਅਕਾਲੀ ਆਗੂਆਂ, ਵਰਕਰਾਂ ਉਪਰ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਦੇ ਬੁਲੰਦ ਹੌਸਲੇ ਨੂੰ ਝੁਕਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ | ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇੰਚਾਰਜ ਹਮੀਦੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਾਈ ਗਈ ਡਿਊਟੀ ਅਨੁਸਾਰ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸਾਰੇ ਪਿੰਡਾਂ ਦੇ ਅਕਾਲੀ ਆਗੂਆਂ, ਵਰਕਰਾਂ ਦੇ ਉੱਦਮ ਸਦਕਾ 350 ਕੁਇੰਟਲ ਕਣਕ ਦੇ ਬੀਜ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਜਾ ਕੇ ਵੰਡਿਆ ਗਿਆ ਹੈ |