ਮਹਿਲ ਕਲਾਂ, 21 ਜੁਲਾਈ (ਤਰਸੇਮ ਸਿੰਘ ਗਹਿਲ)-ਫਰਟੀਲਾਈਜ਼ਰ ਦੀ ਜਮਾ ਖੋਰੀ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਜ਼ਿਲੇ੍ਹ ਦੀਆਂ ਵੱਖ-ਵੱਖ ਦੁਕਾਨਾਂ ਉੱਪਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਡਾ: ਬਸੰਤ ਗਰਗ ਪ੍ਰਬੰਧਕੀ ਸਕੱਤਰ ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਜੁਆਇੰਟ ਡਾਇਰੈਕਟਰ ਪੀ. ਪੀ. ਖੇਤੀਬਾੜੀ ਵਿਭਾਗ ਪੰਜਾਬ ਦੀ ਟੀਮ ਵਲੋਂ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ | ਦੁਕਾਨਾਂ ਦੀ ਚੈਕਿੰਗ ਦੌਰਾਨ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੀ ਮੌਜੂਦ ਰਹੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਬੈਨੀਪਾਲ ਨੇ ਕਿਹਾ ਕਿ ਖਾਦ ਡੀਲਰਾਂ ਦੀ ਉਚੇਚੇ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਖਾਦ ਦੀ ਜਮਾ ਖੋਰੀ ਰੋਕੀ ਜਾ ਸਕੇ | ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ ਵਿਚ ਅਣਅਧਿਕਾਰਤ ਗਡਾਉਨ ਫੜਿਆ ਗਿਆ ਹੈ | ਜਿਸ ਵਿਚ ਖਾਦ 450 ਗੱਟੇ ਡੀ.ਏ.ਪੀ. ਰੱਖੇ ਹੋਏ ਸਨ | 2000 ਗੱਟੇ ਟੀ.ਐੱਸ.ਪੀ. ਅਤੇ 12.32.16 ਦੇ 700 ਗੱਟੇ ਦੀ ਜਮਾ ਖੋਰੀ ਰੱਖੀ ਹੋਈ ਸੀ, ਜਿਸ ਦੀ ਐਕਟ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਖ਼ਾਦ ਵਿਕੇ੍ਰਤਾਵਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਕਿਤੇ ਵੀ ਗੈਰ ਮਿਆਰੀ ਜਾਂ ਅਣਅਧਿਕਾਰਤ ਖਾਦ ਸਟੋਰ ਕੀਤੀ ਗਈ ਮਿਲੀ ਤਾਂ ਐਕਟ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ ਮੁਹੱਈਆ ਕਰਵਾਈਆਂ ਜਾਣ | ਇਸ ਮੌਕੇ ਡਾ: ਜਤਿੰਦਰ ਸਿੰਘ ਏ. ਡੀ. ਓ. ਮੁਹਾਲੀ, ਡਾ: ਸਤਨਾਮ ਸਿੰਘ ਏ. ਡੀ. ਓ. ਇਨਫੋਰਸਮੈਂਟ ਬਰਨਾਲਾ ਆਦਿ ਮੌਜੂਦ ਸਨ |