ਬਰਨਾਲਾ, 21 ਜੁਲਾਈ (ਰਾਜ ਪਨੇਸਰ)-ਸਥਾਨਕ ਇੰਦਰਲੋਕ ਕਾਲੋਨੀ ਦੇ ਨਜ਼ਦੀਕ ਇਕ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਸਬੰਧੀ ਵਾਰ-ਵਾਰ ਸ਼ਿਕਾਇਤਾਂ ਦੇਣ 'ਤੇ ਕਾਰਵਾਈ ਨਾ ਹੋਣ ਕਾਰਨ ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਦਰਲੋਕ ਐਵਨਿਊ ਰੈਜੀਡੈਂਟਸ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਾਸਟਰ ਭੋਲਾ ਸਿੰਘ, ਸੈਕਟਰੀ ਰਾਜਿੰਦਰ ਸਿੰਘ ਬਾਠ, ਹਰਬੰਸ ਸਿੰਘ ਠੇਕੇਦਾਰ, ਗੁਰਬਚਨ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਛੋਟਾ ਸਿੰਘ, ਸੁਖਵੰਤ ਸਿੰਘ ਚੀਮਾ, ਬਹਾਦਰ ਸਿੰਘ, ਮੋਹਨ ਸਿੰਘ, ਦਲਬਾਰਾ ਸਿੰਘ ਆਦਿ ਨੇ ਕਿਹਾ ਕਿ ਕਾਲੋਨੀ ਦੇ ਨਜ਼ਦੀਕ ਇਕ ਹੋਟਲ ਬਣਿਆ ਹੋਇਆ ਹੈ, ਜਿੱਥੇ ਦੇਹ ਵਪਾਰ ਦਾ ਧੰਦਾ ਵੀ ਚੱਲਦਾ ਹੈ | ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨਾਬਾਲਗ ਬੱਚੇ-ਬੱਚੀਆਂ ਇਸ ਹੋਟਲ ਵਿਚ ਕਈ-ਕਈ ਘੰਟੇ ਬਿਤਾਉਂਦੇ ਹਨ, ਜਿਸ ਨਾਲ ਕਾਲੋਨੀ 'ਚ ਰਹਿੰਦੇ ਤੇ ਰਾਹ ਜਾਂਦੇ ਬੱਚੇ-ਬੱਚੀਆਂ, ਔਰਤਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ | ਅਸੀਂ ਕਾਲੋਨੀ ਵਾਸੀ ਕਈ ਵਾਰ ਇਕੱਠੇ ਹੋ ਕੇ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਕੀਤੀਆਂ, ਪਰ ਪ੍ਰਸ਼ਾਸਨ ਨੇ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ | ਅਸੀਂ ਸਬੰਧਿਤ ਥਾਣਾ ਸਿਟੀ-2 ਵਿਚ ਵੀ ਸ਼ਿਕਾਇਤ ਦਿੱਤੀ, ਪਰ ਸਾਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਾਂ ਤਾਂ ਹੋਟਲ ਬੰਦ ਕੀਤਾ ਜਾਵੇ ਨਹੀਂ ਤਾਂ ਇਹ ਹੋਟਲ ਸ਼ਹਿਰ ਤੋਂ ਬਾਹਰ ਸ਼ਿਫ਼ਟ ਕਰਵਾਇਆ ਜਾਵੇ | ਜੇਕਰ ਪ੍ਰਸ਼ਾਸਨ ਨੇ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਜ਼ਿੰਮੇਵਾਰੀ ਸਮੱੁਚੇ ਪ੍ਰਸ਼ਾਸਨ ਦੀ ਹੋਵੇਗੀ |