ਬਰਨਾਲਾ, 18 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਲੱੁਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ 3 ਸਪਿਲਟ ਏ. ਸੀ., 5 ਐੱਲ. ਸੀ. ਡੀਜ, 2 ਇਨਵਰਟਰ, ਇਕ ਬੈਟਰਾਂ, 11 ਮੋਬਾਈਲ ਫ਼ੋਨ, 5 ਲੈਪਟਾਪ, ਇਕ ਪਿੱਕਅਪ ਗੱਡੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.(ਡੀ) ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਚੋਰ, ਲੁਟੇਰਿਆਂ, ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਟਰਾਈਡੈਂਟ ਫ਼ੈਕਟਰੀ ਰਾਏਕੋਟ ਰੋਡ ਬਰਨਾਲਾ ਦੇ ਪਾਸ ਬੇਆਬਾਦ ਕਾਲੋਨੀ ਵਿਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਤਾਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਟੀਮ ਨੇ ਛਾਪੇਮਾਰੀ ਕਰਦਿਆਂ ਅਰਸ਼ਦੀਪ ਸਿੰਘ ਗਿੱਪੀ ਪੱੁਤਰ ਰਣਜੀਤ ਸਿੰਘ, ਲਖਵਿੰਦਰ ਸਿੰਘ ਗੁਰਮਾ ਪੱੁਤਰ ਬੇਅੰਤ ਸਿੰਘ, ਗਗਨਦੀਪ ਸਿੰਘ ਗੱਗੀ ਪੱੁਤਰ ਸੁਖਵਿੰਦਰ ਸਿੰਘ, ਸੁਖਚੈਨ ਸਿੰਘ ਨੋਨੀ ਪੱੁਤਰ ਪਾਲ ਸਿੰਘ, ਜਸਨੂਰ ਸਿੰਘ ਨਿੱਕਾ ਪੱੁਤਰ ਗੁਰਜੰਟ ਸਿੰਘ ਵਾਸੀਅਨ ਬਰਨਾਲਾ ਨੂੰ ਲੋਹਾ ਖੰਡਾ, 2 ਲੋਹੇ ਦੀਆਂ ਪਾਈਪਾਂ, ਐਂਗਲ ਲੋਹਾ ਜਿਨ੍ਹਾਂ ਨਾਲ ਗਰਾਰੀ ਫਿੱਟ ਸੀ, ਤਿੰਨ ਸਪਿਲਟ ਏ.ਸੀ. ਸਮੇਤ ਕੰਪਰੈਂਸਰ, 5 ਐਲ.ਸੀ.ਡੀਜ., 2 ਇਨਵਰਟਰ, 1 ਬੈਟਰਾਂ, 11 ਮੋਬਾਈਲ ਫ਼ੋਨ, 5 ਲੈਪਟਾਪ ਅਤੇ ਇਕ ਪਿਕਅਪ ਗੱਡੀ ਬਰਾਮਦ ਕੀਤੀ ਗਈ ਹੈ |