ਸ਼ਹਿਣਾ, 18 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਕਰਵਾਏ ਜਾਣ ਦੀ ਕੜੀ ਤਹਿਤ ਬਲਾਕ ਸ਼ਹਿਣਾ ਦੇ ਪੰਜ ਪਿੰਡਾਂ ਵਿਚ ਪੰਚਾਂ-ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ, ਜਿਸ ਤਹਿਤ ਬੀਤੇ ਕੱਲ੍ਹ ਉਪਰੋਕਤ ਪਿੰਡਾਂ ਵਿਚੋਂ ਨਾਮਜ਼ਦਗੀਆਂ ਲਈ ਫਾਈਲਾਂ ਪ੍ਰਾਪਤ ਕੀਤੀਆਂ ਗਈਆਂ | ਬਲਾਕ ਦਫ਼ਤਰ ਸ਼ਹਿਣਾ ਦੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਫਾਈਲਾਂ ਦੀ ਛਾਣਬੀਣ ਕੀਤੀ ਗਈ | ਭਲਕੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਜੈਦ ਬੋਇ ਮੌੜਾਂ ਦੀ ਪੰਚਾਇਤ ਲਈ ਦੋ ਪੰਚਾਇਤ ਮੈਂਬਰ ਦੇ ਪਦ ਖ਼ਾਲੀ ਸਨ | ਜਿਸ ਲਈ ਦੋ ਫਾਈਲਾਂ ਹੀ ਪ੍ਰਾਪਤ ਹੋਈਆਂ | ਛੰਨਾ ਗੁਲਾਬ ਸਿੰਘ ਜਿੱਥੇ ਸਰਪੰਚ ਲਈ ਚੋਣ ਹੋਣੀ ਹੈ ਤੇ ਇੱਥੇ ਤਿੰਨ ਉਮੀਦਵਾਰ ਮੈਦਾਨ ਵਿਚ ਹਨ | ਢਿੱਲਵਾਂ ਪਟਿਆਲਾ ਦੇ ਇਕ ਵਾਰਡ ਦੇ ਪੰਚ ਦੀ ਚੋਣ ਲਈ ਇਕ ਹੀ ਉਮੀਦਵਾਰ ਵਜੋਂ ਨਾਮਜ਼ਦਗੀ ਹੋਈ ਹੈ | ਇਸੇ ਤਰ੍ਹਾਂ ਮੌੜ ਪਟਿਆਲਾ ਦੇ 6 ਵਾਰਡ ਪੰਚਾਇਤ ਮੈਂਬਰਾਂ ਤੋਂ ਵਾਂਝੇ ਹਨ, ਜਿਨ੍ਹਾਂ ਵਿਚੋਂ ਪੰਜ ਵਾਰਡਾਂ ਵਿਚੋਂ 6 ਉਮੀਦਵਾਰਾਂ ਨੇ ਆਪਣੀਆਂ ਫਾਈਲਾਂ ਚੋਣ ਲੜਨ ਲਈ ਦਿੱਤੀਆਂ ਹਨ, ਜਦਕਿ ਇਕ ਵਾਰਡ ਫਿਰ ਖ਼ਾਲੀ ਰਹਿ ਗਿਆ | ਇਸੇ ਤਰ੍ਹਾਂ ਪਿੰਡ ਤਰਨਤਾਰਨ ਮੌੜ ਤੋਂ ਦੋ ਪੰਚ ਹੋਰ ਚੁਣੇ ਜਾਣੇ ਹਨ, ਪਰ ਇੱਥੋਂ ਕੋਈ ਨਾਮਜ਼ਦਗੀ ਨਹੀਂ ਹੋਈ |