ਬਰਨਾਲਾ, 18 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਅਪ੍ਰੈਲ ਮਹੀਨੇ ਵਿਚ ਕਰੋੜਾਂ ਰੁਪਏ ਦੇ ਟੈਂਡਰ ਲਗਾਏ ਗਏ ਸਨ | ਅਪ੍ਰੈਲ ਮਹੀਨੇ ਤੋਂ ਲੈ ਕੇ 12 ਜੂਨ ਤੱਕ ਤਿੰਨ ਵਾਰ ਟੈਂਡਰ ਖੋਲ੍ਹਣ ਦੀ ਤਰੀਕ ਵਿਚ ਵਾਧਾ ਕਰਨ ਦੇ ਬਾਵਜੂਦ ਭਾਵੇਂਕਿ ਨਗਰ ਕੌਂਸਲ ਵਲੋਂ ਲਗਪਗ ਇਕ ਮਹੀਨੇ ਦੀ ਦੇਰੀ ਤੋਂ ਬਾਅਦ ਆਖ਼ਰ 7 ਜੁਲਾਈ ਨੂੰ ਕਾਫ਼ੀ ਟੈਂਡਰ ਖੋਲ੍ਹ ਦਿੱਤੇ ਗਏ ਅਤੇ ਕੁੱਝ ਟੈਂਡਰ 16 ਜੁਲਾਈ ਨੂੰ ਖੋਲ੍ਹੇ ਜਾਣੇ ਸਨ ਪਰ ਹੁਣ ਜਿਸ ਢੰਗ ਨਾਲ ਨਗਰ ਕੌਂਸਲ ਪ੍ਰਧਾਨ ਵਲੋਂ ਇੱਕ ਹੁਕਮ ਜਾਰੀ ਕਰ ਕੇ ਸਾਰੇ ਹੀ ਟੈਂਡਰ ਰੱਦ ਕਰ ਦਿੱਤੇ ਗਏ ਹਨ, ਨਾਲ ਇਹ ਗੱਲ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆ ਚੁੱਕੀ ਹੈ ਕਿ ਨਗਰ ਕੌਂਸਲ ਬਰਨਾਲਾ ਵਿਚ ਕਿਸ ਤਰ੍ਹਾਂ ਨਾਲ ਭਿ੍ਸ਼ਟਾਚਾਰ ਦੀ ਖੇਡ ਖੇਡੀ ਜਾ ਰਹੀ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਵਲੋਂ ਅਪ੍ਰੈਲ ਮਹੀਨੇ ਵਿਚ ਪਹਿਲਾਂ 30 ਕਰੋੜ ਰੁਪਏ ਦੀ ਲਾਗਤ ਵਾਲੇ 139 ਕੰਮਾਂ ਦੇ ਟੈਂਡਰ ਲਗਾਏ ਗਏ ਸਨ, ਜੋ ਮਿਤੀ 22 ਮਈ ਨੂੰ ਖੋਲ੍ਹੇ ਜਾਣੇ ਸਨ ਲੇਕਿਨ ਤਕਨੀਕੀ ਅਤੇ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦੇ ਕੇ ਟੈਂਡਰਾਂ ਦੀ ਤਰੀਕ ਵਿਚ ਮਿਤੀ 4 ਜੂਨ ਤੱਕ ਦਾ ਵਾਧਾ ਕਰ ਦਿੱਤਾ ਗਿਆ | ਉਸ ਤੋਂ ਬਾਅਦ ਇਨ੍ਹਾਂ ਟੈਂਡਰਾਂ ਸਬੰਧੀ ਸਵਾਲ ਖੜ੍ਹੇ ਹੋਣ ਤੋਂ ਬਾਅਦ ਜਿੱਥੇ 6 ਕਰੋੜ ਰੁਪਏ ਦੇ ਕੰਮ ਘਟਾ ਕੇ 24 ਕਰੋੜ ਰੁਪਏ ਦੀ ਲਾਗਤ ਵਾਲੇ 113 ਕੰਮਾਂ ਦੇ ਟੈਂਡਰ ਲਗਾ ਦਿੱਤੇ ਗਏ ਉੱਥੇ ਇਕ ਵਾਰ ਫਿਰ ਟੈਂਡਰਾਂ ਦੀ ਤਰੀਕ ਵਿਚ ਮਿਤੀ 12 ਜੂਨ ਤੱਕ ਦਾ ਵਾਧਾ ਕਰ ਦਿੱਤਾ ਗਿਆ | ਲੇਕਿਨ 12 ਜੂਨ ਤੋਂ ਬਾਅਦ ਵੀ ਟੈਂਡਰ ਖੋਲ੍ਹਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਸ਼ਹਿਰ ਦੇ ਕੁੱਝ ਕੌਂਸਲਰਾਂ ਵਲੋਂ ਨਗਰ ਕੌਂਸਲ ਵਿਚ ਫੈਲੇ ਭਿ੍ਸ਼ਟਾਚਾਰ ਸਬੰਧੀ ਆਵਾਜ਼ ਚੁੱਕੀ ਗਈ ਸੀ, ਭਾਵੇਂਕਿ 7 ਜੁਲਾਈ ਨੂੰ ਕਰੋੜਾਂ ਰੁਪਏ ਦੇ ਟੈਂਡਰ ਖੋਲ੍ਹ ਦਿੱਤੇ ਗਏ ਪਰ ਨਾਲ ਹੀ ਟੈਂਡਰਾਂ ਨੂੰ ਖੋਲ੍ਹਣ ਸਮੇਂ ਹੋਏ ਭਿ੍ਸ਼ਟਾਚਾਰ ਸਬੰਧੀ ਵੀ ਲਗਾਤਾਰ ਸੁਣਨ ਨੂੰ ਮਿਲਦਾ ਰਿਹਾ ਕਿ ਕੁੱਝ ਠੇਕੇਦਾਰਾਂ ਤੇ ਕੁੱਝ ਅਧਿਕਾਰੀਆਂ ਨੇ ਮਿਲੀਭੁਗਤ ਕਰ ਕੇ ਕਈ ਕਰੋੜ ਰੁਪਏ ਵਿਚ ਟੈਂਡਰ ਪੂਲ ਕਰ ਦਿੱਤੇ ਹਨ, ਜਿਸ ਨਾਲ ਨਗਰ ਕੌਂਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ | ਇਸ ਵਿਚ ਕਿੰਨੀ ਕੁ ਸਚਾਈ ਹੈ, ਇਹ ਤਾਂ ਸਮਾਂ ਆਉਣ 'ਤੇ ਪਤਾ ਲੱਗੇਗਾ, ਪਰ ਪਿਛਲੇ ਦਿਨਾਂ ਤੋਂ ਚੱਲ ਰਹੇ ਇਸ ਵਰਤਾਰੇ ਸਬੰਧੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ਵੀ ਪ੍ਰਸ਼ਨਚਿੰਨ ਲਗਾ ਰਹੀ ਹੈ |
ਨਗਰ ਕੌਂਸਲ 'ਚ ਹੋ ਰਹੀ ਲੁੱਟ-ਖਸੁੱਟ ਕਾਰਨ ਸ਼ਹਿਰ ਦਾ ਹੋ ਰਿਹਾ ਕਾਫ਼ੀ ਨੁਕਸਾਨ-ਕੌਂਸਲਰ
ਟੈਂਡਰ ਖੋਲ੍ਹੇ ਜਾਣ ਤੋਂ ਲੈ ਕੇ ਰੱਦ ਕਰਨ ਦੇ ਹੁਕਮ ਤੱਕ ਹੋਈ ਕਾਰਵਾਈ ਉੱਪਰ ਸਵਾਲ ਖੜ੍ਹੇ ਕਰਦਿਆਂ ਸ਼ਹਿਰ ਦੇ ਕੌਂਸਲਰਾਂ ਅਤੇ ਆਗੂਆਂ ਗੁਰਪ੍ਰੀਤ ਸਿੰਘ ਕਾਕਾ, ਗੁਰਦਰਸ਼ਨ ਸਿੰਘ ਬਰਾੜ, ਮੰਗਤ ਰਾਏ ਮੰਗਾ, ਤੇਜਿੰਦਰ ਸਿੰਘ ਸੋਨੀ ਜਾਗਲ, ਖ਼ੁਸ਼ੀ ਮੁਹੰਮਦ ਤੇ ਪਰਮਜੀਤ ਸਿੰਘ ਪੱਖੋ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਨਗਰ ਕੌਂਸਲ ਬਰਨਾਲਾ ਵਿਚ ਇੰਨੀ ਵੱਡੀ ਪੱਧਰ 'ਤੇ ਭਿ੍ਸ਼ਟਾਚਾਰ ਅਤੇ ਲੁੱਟ-ਖਸੁੱਟ ਹੋ ਰਹੀ ਹੈ, ਪਰ ਇਸ ਵਿਚ ਸ਼ਹਿਰ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਕੌਂਸਲਰ ਤੇ ਸ਼ਹਿਰ ਵਾਸੀ ਆਪਣੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਟੈਂਡਰਾਂ ਖੋਲ੍ਹੇ ਜਾਣ ਵਿਚ ਹੋ ਰਹੀ ਦੇਰੀ ਸਬੰਧੀ ਪਹਿਲਾਂ ਹੀ ਇਸ ਵਿਚ ਭਿ੍ਸ਼ਟਾਚਾਰ ਹੋਣ ਬਾਰੇ ਸ਼ੰਕੇ ਖੜ੍ਹੇ ਕੀਤੇ ਗਏ ਸਨ, ਜੋ ਗੱਲ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ |
ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਵਿਚ ਹੋ ਰਹੇ ਭਿ੍ਸ਼ਟਾਚਾਰ ਤੇ ਉਕਤ ਟੈਂਡਰ ਖੋਲ੍ਹੇ ਜਾਣ ਤੋਂ ਲੈ ਕੇ ਰੱਦ ਕੀਤੇ ਜਾਣ ਦੇ ਹੁਕਮਾਂ ਤੱਕ ਸਾਰੇ ਪਹਿਲੂਆਂ ਦੀ ਬਰੀਕੀ ਨਾਲ ਜਾਂਚ ਕਰਵਾਕੇ ਇਸ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਕੌਣ ਸ਼ਹਿਰ ਦੇ ਵਿਕਾਸ ਵਿਚ ਰੋੜਾ ਬਣ ਕੇ ਭਿ੍ਸ਼ਟਾਚਾਰ ਕਰ ਰਿਹਾ ਹੈ, ਜਦੋਂ ਟੈਂਡਰ ਰੱਦ ਕਰਨ ਸਬੰਧੀ ਜਾਰੀ ਕੀਤੇ ਹੁਕਮਾਂ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੈਂਡਰ ਖੋਲ੍ਹੇ ਜਾਣ ਸਬੰਧੀ ਕੁੱਝ ਸ਼ੱਕ ਹੋਇਆ ਸੀ ਤੇ ਇਸੇ ਕਾਰਨ ਉਨ੍ਹਾਂ ਨੇ ਆਪਣੀਆਂ ਪਾਵਰਾਂ ਵਰਤਦੇ ਹੋਏ ਪਿਛਲੇ ਦਿਨਾਂ ਦੌਰਾਨ ਖੋਲ੍ਹੇ ਗਏ ਸਾਰੇ ਟੈਂਡਰਾਂ ਨੂੰ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਟੈਂਡਰ ਨਵੇਂ ਸਿਰੀਉਂ ਲਗਾਏ ਜਾਣਗੇ |
ਨਗਰ ਕੌਂਸਲ ਬਰਨਾਲਾ 'ਚ ਫੈਲਿਆ ਭਿ੍ਸ਼ਟਾਚਾਰ ਆਖ਼ਰ ਉੱਭਰ ਕੇ ਆਇਆ ਸਾਹਮਣੇ <br/>
ਅਜੀਤ ਡੈਸਕ
19-07-2025