ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)- ਪੰਜਾਬ ਦੀ ਸ਼ਾਨ ਅਤੇ ਸਿੱਖਿਆ ਦਾ ਮਹੱਤਵਪੂਰਨ ਕੇਂਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦੇਸ਼ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਇਆ ਹੈ | ਇਸ ਯੂਨੀਵਰਸਿਟੀ ਨੇ ਹਜ਼ਾਰਾਂ ਵਿਦਵਾਨ ਪੈਦਾ ਕੀਤੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਮਾਲਵਾ ਜੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈ੍ਹਚਾਂ ਨੇ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪਿਛਲੇ ਕਈ ਦਹਾਕਿਆਂ ਤੋਂ ਸ਼ਾਨਦਾਰ ਸੇਵਾਵਾਂ ਦੇ ਰਹੀ ਹੈ ਅਤੇ ਇਸ ਨੰੂ ਕੇਂਦਰ ਸਰਕਾਰ ਦੇ ਅਧੀਨ ਕਰਨ ਦੀ ਕੋਸ਼ਿਸ਼ ਪੰਜਾਬੀਆਂ ਦੀ ਭਾਵਨਾਵਾਂ ਨੂੰ ਠੇਸ ਪਹੰੁਚਾਉਂਦੀ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਦਿਲ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਧੜਕਣ ਹੈ | ਇਨ੍ਹਾਂ ਦੀ ਪਹਿਚਾਣ ਨੂੰ ਖੋਹਣਾ ਪੰਜਾਬ 'ਤੇ ਹਮਲਾ ਹੈ ਅਤੇ ਕੇਂਦਰ ਸਰਕਾਰ ਵਲੋਂ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਨਾ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਹੇਠ ਲਿਆਉਣ ਦੀ ਕੋਸ਼ਿਸ਼ ਹੈ, ਭਾਵੇ ਪੀ. ਯੂ. ਬਚਾਓ ਮੋਰਚੇ ਦੇ ਦਬਾਅ ਹੇਠ ਕੇਂਦਰ ਨੇ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ ਪਰ ਜਦੋਂ ਤੱਕ ਸਪੱਸ਼ਟ ਲਿਖਤ 'ਚ ਘੋਸ਼ਣਾ ਨਹੀਂ ਕੀਤੀ ਜਾਂਦੀ, ਤਦ ਤੱਕ ਕੇਂਦਰ ਸਰਕਾਰ 'ਤੇ ਭਰੋਸਾ ਨਹੀ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਹੋਈ ਧੱਕੇਸ਼ਾਹੀ ਦੀ ਸਾਰੇ ਪੰਜਾਬ ਦੇ ਲੋਕ ਨਿੰਦਾ ਕਰਦੇ ਹਨ, ਵਿਦਿਆਰਥੀਆਂ ਕੋਲ ਆਈ. ਡੀ. ਕਾਰਡ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਅੰਦਰ ਨਾ ਜਾਣ ਦੇਣਾ ਅਤੇ ਵੱਖ-ਵੱਖ ਸੂਬਿਆਂ ਦੀ ਫੋਰਸ ਤਾਇਨਾਤ ਕਰਨਾ ਕੇਂਦਰ ਸਰਕਾਰ ਦੀ ਬੌਖਲਾਹਟ ਹੈ | ਅਕਾਲੀ ਆਗੂ ਗੁਰਦੀਪ ਸਿੰਘ ਅੜੈ੍ਹਚਾਂ ਨੇ ਪੰਜਾਬ ਦੇ ਲੋਕਾਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਯੂਨੀਵਰਸਿਟੀ ਦੀ ਪਛਾਣ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ | ਇਸ ਸਮੇਂ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਮਾਨ ਰਾਮਪੁਰ, ਸੰਜੀਵ ਕੁਮਾਰ ਭਨੋਟ, ਤਰਨਵੀਰ ਸਿੰਘ ਅੜੈ੍ਹਚਾਂ, ਅਜੀਤਪਾਲ ਸਿੰਘ ਭੱਟੀ, ਗੁਰਤੇਜ ਸਿੰਘ ਗੋਸਲ, ਅਮਨਦੀਪ ਸਿੰਘ ਕੱਦੋਂ ਆਦਿ ਹਾਜ਼ਰ ਸਨ |