ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਢਾਂਚਾ ਭੰਗ ਕਰਨ ਰਾਹੀਂ ਤੇ ਇਸ ਪ੍ਰਕਿਰਿਆ ਨੂੰ ਸਿੱਧੀਆਂ ਹਕੂਮਤੀ ਨਿਯੁਕਤੀਆਂ ਦੀ ਮੁਥਾਜ ਬਣਾਉਣ ਰਾਹੀਂ ਕੇਂਦਰੀ ਹਕੂਮਤ ਦੇ ਕੰਟਰੋਲ ਵਿਚ ਲੈਣ ਦੇ ਕਦਮਾਂ ਦਾ ਵਿਰੋਧ ਕੀਤਾ ਹੈ ਅਤੇ ਕੇਂਦਰੀਕਰਨ ਦੇ ਇਨ੍ਹਾਂ ਕਦਮਾਂ ਨੂੰ ਸਿੱਖਿਆ ਦੇ ਫਿਰਕੂ-ਕਰਨ, ਨਿੱਜੀਕਰਨ ਤੇ ਵਪਾਰੀਕਰਨ ਦੇ ਹਮਲੇ ਨੂੰ ਤੇਜ਼ ਕਰਨ ਦੀ ਵਿਉਂਤ ਦਾ ਹਿੱਸਾ ਕਰਾਰ ਦਿੱਤਾ ਹੈ¢ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਸੈਨੇਟ ਤੇ ਸਿੰਡੀਕੇਟ ਵਾਲਾ ਤੁਰਿਆ ਆਉਂਦਾ ਸਿਸਟਮ ਚਾਹੇ ਆਪਣੇ ਆਪ ਵਿਚ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲ 'ਚ ਇਸ ਦੇ ਵਿਦਿਆਰਥੀਆਂ ਤੇ ਲੋਕਾਂ ਦੀ ਹਕੀਕੀ ਜਮਹੂਰੀ ਸ਼ਮੂਲੀਅਤ ਦਾ ਕੋਈ ਬਹੁਤਾ ਅਸਰਦਾਰ ਢੰਗ ਨਹੀਂ ਸੀ | ਪਰ ਕੇਂਦਰੀ ਭਾਜਪਾ ਹਕੂਮਤ ਦੀ ਆਪਣੀ ਲੋਕ-ਦੋਖੀ ਧੁੱਸ ਏਨੀ ਜ਼ੋਰਦਾਰ ਹੈ ਕਿ ਉਸ ਨੰੂ ਇਹ ਰਸਮੀ ਅਮਲ ਵੀ ਰੜਕਦਾ ਆ ਰਿਹਾ ਸੀ ਤੇ ਆਪਣਾ ਫ਼ਿਰਕੂ ਤੇ ਕਾਰਪੋਰੇਟ ਏਜੰਡਾ ਲਾਗੂ ਕਰਨ ਦੇ ਰਾਹ 'ਚ ਅੜਿੱਕਾ ਜਾਪਦਾ ਸੀ¢ ਇਸ ਲਈ ਉਸ ਨੇ ਇਸ ਅੜਿੱਕੇ ਨੂੰ ਵੀ ਦੂਰ ਕਰਨ ਤੇ ਯੂਨੀਵਰਸਿਟੀ ਉੱਤੇ ਆਪਣਾ ਮੁਕੰਮਲ ਕੰਟਰੋਲ ਬਣਾਉਣ ਦੀ ਨੀਤ 'ਚੋਂ ਹੀ ਇਹ ਕਦਮ ਚੁੱਕਿਆ ਹੈ¢ ਇਹ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਪ੍ਰਬੰਧਾਂ 'ਚ ਦਖ਼ਲ ਦੀ ਬਚੀ ਖੁਚੀ ਨਿਗੂਣੀ ਭੂਮਿਕਾ ਨੂੰ ਵੀ ਖ਼ਤਮ ਕਰ ਦੇਵੇਗਾ¢ ਇਹ ਕਦਮ ਯੂਨੀਵਰਸਿਟੀ ਉੱਤੇ ਪੰਜਾਬੀ ਕੌਮੀਅਤ ਦੇ ਦਾਅਵੇ ਨੂੰ ਵੀ ਕਮਜ਼ੋਰ ਕਰੇਗਾ¢ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਵਿਦਿਆਰਥੀਆਂ ਵਲੋਂ ਉਠਾਈ ਜਾ ਰਹੀ ਆਵਾਜ਼ ਦਾ ਜ਼ੋਰਦਾਰ ਸਮਰਥਨ ਕਰਦੀ ਹੈ ਤੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ¢ ਜਥੇਬੰਦੀ ਵਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਦੀਆਂ ਮੌਕਾਪ੍ਰਸਤ ਹਾਕਮ ਪਾਰਟੀਆਂ ਤੇ ਮੌਕਾਪ੍ਰਸਤ ਵੋਟ ਸਿਆਸਤਦਾਨਾਂ ਨੂੰ ਆਪਣੇ ਸੰਘਰਸ਼ ਤੋਂ ਪਾਸੇ ਰੱਖਣ¢