ਖੰਨਾ, 6 ਨਵੰਬਰ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵੱਲੋਂ ਸੀ. ਬੀ. ਐਸ. ਈ. ਸੈਸ਼ਨ 2025-26 ਦੇ ਤਹਿਤ ਕਹਾਣੀ ਵਾਚਨ ਮੁਕਾਬਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਸ਼ਾਨਦਾਰ ਵਾਚਨ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਸਾਰੇ ਵਿਦਿਆਰਥੀਆਂ ਦੇ ਕਹਾਣੀ ਵਾਚਨ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ, ਜੋ ਬਾਅਦ ਵਿੱਚ ਸੀ. ਬੀ. ਐਸ. ਈ. ਬੋਰਡ ਨੂੰ ਭੇਜੀ ਗਈ, ਤਾਂ ਜੋ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਗਲੇ ਪੱਧਰ ਲਈ ਚੁਣਿਆ ਜਾ ਸਕੇ | ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਕਿ ਕਹਾਣੀ ਵਾਚਨ ਵਰਗੀਆਂ ਪ੍ਰਤੀਯੋਗਤਾਵਾਂ ਨਾ ਸਿਰਫ ਵਿਦਿਆਰਥੀਆਂ ਦੀ ਬੋਲਣ ਦੀ ਸਮਰੱਥਾ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਉਨ੍ਹਾਂ ਵਿੱਚ ਸਿਰਜਣਾਤਮਿਕ ਸੋਚ ਅਤੇ ਅਭਿਵਿਅਕਤੀ ਦੀ ਕਲਾ ਨੂੰ ਵੀ ਨਿਖਾਰਦੀਆਂ ਹਨ | ਸਕੂਲ ਦੀ ਪਿ੍ੰਸੀਪਲ ਅੰਜੂ ਭਾਟੀਆ ਨੇ ਵੀ ਸਾਰੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਰਾਹਨਾ ਕੀਤੀ |