ਦੋਰਾਹਾ, 21 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਨੇ ਸ਼੍ਰੀ ਅੰਮਿ੍ਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਲਈ ਸੁਝਾਅ ਮੰਗੇ ਸਨ | ਵਾਤਾਵਰਨ ਪ੍ਰੇਮੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਇੱਕ ਸਮੂਹ ਨੇ ਸ਼੍ਰੀ ਅੰਮਿ੍ਤਸਰ ਸਾਹਿਬ ਦੀ ਸਥਾਪਨਾ ਦੀ 450ਵੀਂ ਵਰ੍ਹੇਗੰਢ ਲਈ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵਿਸਥਾਰ ਪੂਰਵਕ ਸੁਝਾਵਾਂ ਦਾ ਇੱਕ ਪੱਤਰ ਪੰਜਾਬ ਸਰਕਾਰ ਨੂੰ ਲਿਖਿਆ ਸੀ | ਇਸ ਬਾਰੇ ਇਕ ਰੁੱਖ ਲਗਾਉਣ ਵਾਲੀ ਸੰਸਥਾ ਦੇ ਚੇਅਰਮੈਨ ਸਮਿਤਾ ਕੌਰ ਨੇ ਦੱਸਿਆ ਕਿ ਗਿਆਰਾਂ ਔਰਤਾਂ ਦਾ ਇੱਕ ਪ੍ਰਤੀਨਿਧੀਤ ਮੰਡਲ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਨੂੰ ਮਿਲਿਆ | ਇਸ ਪ੍ਰਤੀਨਿਧ ਮੰਡਲ ਵਿਚ ਸਮਿਤਾ ਕੌਰ, ਏ. ਜੀ. ਏ. ਪੀ. ਪੀ. ਡਾ. ਨਵਨੀਤ ਭੁੱਲਰ, ਵਾਇਸ ਆਫ਼ ਅੰਮਿ੍ਤਸਰ ਦੇ ਇੰਦੂ ਅਰੋੜਾ, ਸਿੱਖਿਆ ਸ਼ਾਸਤਰੀ ਰਿਪਨਜੋਤ ਕੌਰ ਬੱਗਾ, ਵਾਤਾਵਰਣ ਪ੍ਰੇਮੀ ਸਵਰਨਜੀਤ ਕੌਰ, ਵਾਟਰ ਵਾਰੀਅਰਜ਼ ਦੇ ਅਮਨਦੀਪ ਕੌਰ, ਦ ਗ੍ਰੀਨ ਥੰਬ ਦੇ ਰਿਤੂ ਮਲਹਨ, ਵਨ ਟ੍ਰੀ ਈਚ ਦੇ ਪੱਲਵੀ ਲੂਥਰਾ ਕਪੂਰ, ਓ. ਟੀ. ਟੀ. ਟ੍ਰਾਂਸਫਾਰਮੇਟਿਵ ਟਰੱਸਟ ਦੇ ਡਾ. ਸਿਮਰਪ੍ਰੀਤ ਸੰਧੂ, ਮਨਪ੍ਰੀਤ ਖਹਿਰਾ ਅਤੇ ਅਰਥੀ ਇੰਸਟਿੰਕਟਸ ਦੇ ਸ਼ਵੇਤਾ ਮਹਿਰਾ ਸ਼ਾਮਿਲ ਸਨ |