28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਖੰਨਾ ਰੇਕੀ ਸੈਂਟਰ 'ਚ ਸ਼ੱਕੀ ਹਾਲਾਤ 'ਚ ਸ਼ਰਧਾਲੂ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਅਜੀਤ ਡੈਸਕ 22-07-2025
ਖੰਨਾ, 21 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)-ਜੀ.ਟੀ. ਰੋਡ ਬੁਲੇ੍ਹਪੁਰ ਨੇੜੇ ਸਥਿਤ ਪ੍ਰਸਿੱਧ ਰੇਕੀ ਸੈਂਟਰ ਵਿਖੇ ਇੱਕ ਸ਼ਰਧਾਲੂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਕਾਰਨ ਹੰਗਾਮਾ ਖੜ੍ਹਾ ਹੋ ਗਿਆ | ਮਿ੍ਤਕ ਦੀ ਪਛਾਣ ਜਤਿੰਦਰ ਤਿਵਾੜੀ (54) ਵਾਸੀ ਸਮਰਾਲਾ ਵਜੋਂ ਹੋਈ ਹੈ ਜੋ ਇੱਕ ਅਖ਼ਬਾਰ ਏਜੰਸੀ ਚਲਾਉਂਦੇ ਸਨ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਨੂੰ ਲੈ ਕੇ ਰੇਕੀ ਸੈਂਟਰ ਪ੍ਰਬੰਧਕਾਂ 'ਤੇ ਸਬੂਤ ਛੁਪਾਉਣ ਦੇ ਦੋਸ਼ ਲਗਾਏ ਹਨ | ਜਤਿੰਦਰ ਦੇ ਪੁੱਤਰ ਪੰਕਜ ਤਿਵਾੜੀ ਨੇ ਕਿਹਾ ਕਿ ਉਸਦੇ ਪਿਤਾ ਐਤਵਾਰ ਸਵੇਰੇ 9 ਵਜੇ ਸਕੂਟਰੀ ਖ਼ੁਦ ਚਲਾ ਕੇ ਰੇਕੀ ਸੈਂਟਰ ਕਲਾਸ ਲਗਾਉਣ ਗਏ ਸਨ | ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਸਦੇ ਪਿਤਾ ਦੀ ਤਬੀਅਤ ਵਿਗੜ ਗਈ ਹੈ | ਜਦੋਂ ਉਹ ਆਪਣੇ ਚਾਚਾ ਨੂੰ ਨਾਲ ਲੈ ਕੇ ਕਰੀਬ ਪੌਣੇ 2 ਵਜੇ ਰੇਕੀ ਸੈਂਟਰ ਪਹੁੰਚੇ ਤਾਂ ਉਦੋਂ ਤੱਕ ਉਸ ਦੇ ਪਿਤਾ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਸੀ | ਉਹ ਖ਼ੁਦ ਆਪਣੇ ਪਿਤਾ ਨੂੰ ਲੈ ਕੇ ਲਿਵਾਸਾ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਮੌਤ ਕਰੀਬ ਅੱਧਾ ਘੰਟਾ ਪਹਿਲਾਂ ਹੀ ਹੋ ਚੁੱਕੀ ਸੀ | ਪੰਕਜ ਦਾ ਦੋਸ਼ ਹੈ ਕਿ ਮੌਤ ਦੇ ਸਮੇਂ ਰੇਕੀ ਸੈਂਟਰ ਵਿਚ ਲਗਭਗ 10 ਹਜ਼ਾਰ ਸ਼ਰਧਾਲੂ ਸਨ, ਫਿਰ ਵੀ ਕਿਸੇ ਨੇ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਨਹੀਂ ਪਹੁੰਚਾਇਆ | ਉਨ੍ਹਾਂ ਕਿਹਾ ਕਿ ਰੇਕੀ ਸੈਂਟਰ ਵਿਚ 300 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਹਨ, ਪਰ ਜਦੋਂ ਫੁਟੇਜ ਮੰਗੀ ਤਾਂ ਕਿਹਾ ਗਿਆ ਕਿ ਕੈਮਰੇ ਖਰਾਬ ਹਨ | ਸਿਰਫ਼ ਡਰੋਨ ਦੀ ਇੱਕ ਵੀਡੀਓ ਦਿੱਤੀ ਗਈ ਜਿਸ ਵਿਚ ਉਸਦੇ ਪਿਤਾ ਕਲਾਸ ਵਿਚ ਬੈਠੇ ਦਿੱਖ ਰਹੇ ਸਨ | ਇਸ ਵੀਡੀਓ ਚ ਉਸਦੇ ਪਿਤਾ ਸਹੀ ਸਲਾਮਤ ਦਿਖਾਈ ਦੇ ਰਹੇ ਹਨ ਤੇ ਕਲਾਸ ਲਗਾ ਰਹੇ ਹਨ | ਫਿਰ ਅਚਾਨਕ ਤਬੀਅਤ ਕਿਵੇਂ ਵਿਗੜ ਗਈ | ਇਹ ਵੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਉਸ ਦੇ ਪਿਤਾ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ | ਇਸ ਮਾਮਲੇ ਵਿਚ ਪਰਿਵਾਰ ਨੇ ਐੱਸ. ਐੱਸ. ਪੀ ਨੂੰ ਸ਼ਿਕਾਇਤ ਵੀ ਦਿੱਤੀ ਹੈ | ਦੂਜੇ ਪਾਸੇ ਥਾਣਾ ਸਿਟੀ-2 ਦੇ ਐੱਸ. ਐੱਚ. ਓ ਤਰਵਿੰਦਰ ਬੇਦੀ ਨੇ ਕਿਹਾ ਕਿ ਬਿਆਨ ਦਰਜ ਕਰਨ ਤੋਂ ਬਾਅਦ ਬੀ. ਐਨ. ਐੱਸ. ਐੱਸ. ਦੀ ਧਾਰਾ 194 (ਪਹਿਲਾਂ ਸੀ. ਆਰ. ਪੀ. ਸੀ 174) ਅਧੀਨ ਕਾਰਵਾਈ ਕੀਤੀ ਗਈ ਹੈ | ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ | ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਹੋਵੇਗੀ ਅਤੇ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ |

ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦੀ ਤਿਆਰੀ-ਢਿੱਲੋਂ ਅਗਲੀ ਖ਼ਬਰ ਪਿੰਡ ਰਾਵਾਂ ਧੱਕੜਾ ਦੇ ਸੜਕ 'ਤੇ ਬਣੇ ਬੱਸ ਸਟਾਪ ਨਾਲ ਟਕਰਾਇਆ ਟਿੱਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।