ਰਾੜਾ ਸਾਹਿਬ, 20 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ)-ਸੰਤ ਬਾਬਾ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 50ਵੀਂ ਬਰਸੀ ਨੂੰ ਮੁੱਖ ਰੱਖਦਿਆਂ ਮਿੱਠੀ ਤੇ ਨਿੱਘੀ ਯਾਦ ਵਿਚ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ 100 ਸਾਗਵਾਨ ਦੇ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ | ਦੱਸ ਦਈਏ ਕਿ ਸੰਪਰਦਾਇ ਰਾੜਾ ਸਾਹਿਬ ਵਲੋਂ ਪ੍ਰਕਿਰਤੀ ਦੀ ਸਾਂਭ ਸੰਭਾਲ ਲਈ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਹਰ ਸਾਲ ਵੱਡੀ ਗਿਣਤੀ ਵਿਚ ਰੁੱਖ ਲਗਾਏ ਜਾਂਦੇ ਹਨ | ਇਸ ਸਾਲ ਵੀ ਇਲਾਕੇ 'ਚ 500 ਬੂਟੇ ਟਾਹਲੀ, 500 ਬੂਟੇ ਨਿੰਮ, 500 ਬੂਟੇ ਬੋਗਨਵੇਲੀਆ, 200 ਬੂਟੇ ਸਾਗਵਾਨ, ਪਿੱਪਲ, ਪਿਲਕਣ ਸਮੇਤ ਹੋਰ ਪੁਰਾਤਨ ਦਰੱਖਤ ਲਗਾਉਣ ਦੀ ਯੋਜਨਾ ਹੈ | ਇਸ ਤੋਂ ਇਲਾਵਾ ਪਿਛਲੇ ਸਾਲ ਲਗਾਈਆਂ 15 ਤਿ੍ਵੈਣੀਆਂ ਦੀ ਵੀ ਨਿਰੰਤਰ ਦੇਖਭਾਲ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਾਗਵਾਨ ਦੇ ਰੁੱਖ ਮਜ਼ਬੂਤ ਲੱਕੜ ਅਤੇ ਲੰਮੀ ਉਮਰ ਲਈ ਪ੍ਰਸਿੱਧ ਹਨ ਅਤੇ ਵਾਤਾਵਰਨ ਸੁਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੁਹਿੰਮ ਦੌਰਾਨ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲੇ, ਬਾਬਾ ਰੌਸ਼ਨ ਸਿੰਘ ਧਬਲਾਨ ਵਾਲੇ, ਰਣਧੀਰ ਸਿੰਘ ਢੀਂਡਸਾ, ਮਲਕੀਤ ਸਿੰਘ ਪਨੇਸਰ, ਹਰਦੇਵ ਸਿੰਘ ਊਭੀ, ਭਵਪ੍ਰੀਤ ਸਿੰਘ ਮੁੰਡੀ, ਮਨਿੰਦਰਜੀਤ ਸਿੰਘ ਬੈਨੀਪਾਲ, ਮਨਜੀਤ ਸਿੰਘ ਲੋਟੇ, ਕੈਪਟਨ ਰਣਜੀਤ ਸਿੰਘ, ਸੂਬੇਦਾਰ ਚਰਨਜੀਤ ਸਿੰਘ, ਸੂਬੇਦਾਰ ਜਸਵੀਰ ਸਿੰਘ ਲੈਂਡਸਕੇਪ ਸੁਪਰਵਾਈਜ਼ਰ, ਪਰਮਜੀਤ ਸਿੰਘ ਸਮੇਤ ਸਹਿਯੋਗੀ ਸੰਗਤਾਂ ਨੇ ਹਿੱਸਾ ਲਿਆ |