ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਧਾਨ ਅਤੇ ਮੁੱਖ ਸੇਵਾਦਾਰ ਮਹੰਤ ਪ੍ਰਵੀਨ ਕੁਮਾਰ ਅਤੇ ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਦੇ ਨਿਰਦੇਸ਼ਾਂ 'ਤੇ, ਜ਼ਿਲ੍ਹਾ ਚੇਅਰਮੈਨ ਰਾਜਨ ਦੱਤ ਦੀ ਪ੍ਰਧਾਨਗੀ ਹੇਠ ਖੰਨਾ ਵਿਚ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਿੰਦੂ ਤਖ਼ਤ ਅਤੇ ਗਊ ਰਕਸ਼ਾ ਦਲ ਦੇ ਰਾਸ਼ਟਰੀ ਮੀਡੀਆ ਸਲਾਹਕਾਰ ਕਰਨ ਵਰਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਵਿਚ ਗਊ ਸੇਵਕਾਂ ਵੱਲੋਂ ਗਊ ਤਸਕਰਾਂ ਦੀਆਂ ਗੈਰ-ਕਾਨੂੰਨੀ ਫ਼ੈਕਟਰੀਆਂ ਫੜੀਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਡੱਬਿਆਂ ਵਿਚ ਪੈਕ ਕੀਤਾ ਗਿਆ ਬੀਫ ਵੀ ਮੌਕੇ 'ਤੇ ਫੜਿਆ ਜਾ ਰਿਹਾ ਹੈ | ਕਰਨ ਵਰਮਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਕੁੱਝ ਪੈਸਿਆਂ ਦੇ ਲਾਲਚ ਕਾਰਨ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਫ਼ੈਕਟਰੀਆਂ ਕਿਸਦੀ ਸਰਪ੍ਰਸਤੀ ਨਾਲ ਇੰਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ | ਇਹ ਸੰਭਵ ਨਹੀਂ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਹੋਵੇ | ਇਸ ਤੋਂ ਸਪਸ਼ਟ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਇਨ੍ਹਾਂ ਗਊ ਤਸਕਰਾਂ ਨਾਲ ਮਿਲੀਭੁਗਤ ਹੈ | ਕਰਨ ਵਰਮਾ ਨੇ ਕਿਹਾ ਕਿ ਪੰਜਾਬ ਵਿਚ ਗਊ ਹੱਤਿਆ ਅਤੇ ਗਊ ਤਸਕਰੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਜੋ ਕਿ ਬਹੁਤ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਗਊ ਹੱਤਿਆ ਅਤੇ ਗਊ ਮਾਸ ਦੀ ਤਸਕਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਅਤੇ ਸਖ਼ਤ ਸਜ਼ਾ ਦੇਣ ਵਿਚ ਹਰ ਪਹਿਲੂ ਤੋਂ ਅਸਫਲ ਸਾਬਤ ਹੋ ਰਹੀ ਹੈ | ਪ੍ਰਸ਼ਾਸਨ ਨੂੰ ਗੈਰ-ਕਾਨੂੰਨੀ ਫ਼ੈਕਟਰੀ ਦੇ ਮੁੱਖ ਦੋਸ਼ੀ ਗਊ ਤਸਕਰ ਮੁਹੰਮਦ ਇਮਰਾਨ ਨੂੰ ਜਲਦੀ ਫੜਨਾ ਚਾਹੀਦਾ ਹੈ ਅਤੇ ਉਸ ਨੰੂ ਸਜ਼ਾ ਦੇਣੀ ਚਾਹੀਦੀ ਹੈ, ਨਹੀਂ ਤਾਂ ਸਮੂਹ ਸ਼੍ਰੀ ਹਿੰਦੂ ਤਖ਼ਤ ਅਤੇ ਗਊ ਰਕਸ਼ਾ ਦਲ ਹਿੰਦੂ ਸੰਗਠਨਾਂ ਅਤੇ ਗਊ ਰੱਖਿਅਕਾਂ ਨਾਲ ਮਿਲ ਕੇ ਸੜਕਾਂ 'ਤੇ ਉੱਤਰੇਗਾ ਅਤੇ ਵਿਰੋਧ ਪ੍ਰਦਰਸ਼ਨ ਕਰੇਗਾ |