ਮਲੌਦ, 19 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਵਿਧਾਨ ਸਭਾ ਦੇ ਲੰਘੇ ਸੈਸ਼ਨ ਦੌਰਾਨ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਬੋਲਣ ਵਾਲੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਵਿਰੁੱਧ ਲੋਕਾਂ ਵਿਚ ਗ਼ੁੱਸੇ ਦੀ ਭਾਵਨਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਕਿਸਾਨ ਵਿੰਗ ਦੇ ਕਨਵੀਨਰ ਪ੍ਰਗਟ ਸਿੰਘ ਸਿਆੜ ਨੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਵੱਲੋਂ ਵਿਧਾਇਕ ਗਿਆਸਪੁਰਾ ਖ਼ਿਲਾਫ਼ ਵਰਤੀ ਅਪਮਾਨਜਨਕ ਸ਼ਬਦਾਵਲੀ ਅਤੇ ਗਾਲ੍ਹੀ ਗਲੋਚ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਬੌਖਲਾਹਟ ਵਿਚ ਹਨ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਨਾਕਾਰ ਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਵਿਧਾਇਕ ਚੁਣਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੀ ਬੌਖਲਾਹਟ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ, ਜਦੋਂ ਵਿਧਾਇਕਾਂ ਲਈ ਮੈਟੀਰੀਅਲ ਸ਼ਬਦ ਵਰਤਿਆ ਗਿਆ | ਉਨ੍ਹਾਂ ਕਿਹਾ ਕਿ ਵਿਧਾਇਕ ਗਿਆਸਪੁਰਾ ਇੱਕ ਗੁਰਸਿੱਖ ਵਿਅਕਤੀ ਹਨ ਜਿੰਨ੍ਹਾ ਨੇ ਸਿੱਖਾਂ ਦੇ ਹੋਏ ਕਤਲੇਆਮ ਖ਼ਿਲਾਫ਼ ਹੋਂਦ ਚਿੱਲੜ ਰਾਹੀਂ ਆਪਣੀ ਆਵਾਜ਼ ਬੁਲੰਦ ਕਰਕੇ ਦਿੱਲੀ ਦਰਬਾਰ ਦੀ ਸਰਕਾਰ ਨੂੰ ਕੰਬਣੀ ਛੇੜ ਦਿੱਤੀ ਸੀ | ਉਨ੍ਹਾਂ ਕਿਹਾ ਕਿ ਬਾਵਾ ਹੈਨਰੀ ਖ਼ਿਲਾਫ਼ ਸਖ਼ਤ ਐਕਸ਼ਨ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਮੁੜ ਕਦੇ ਇਹੋ ਜਿਹੀ ਭਾਸ਼ਾ ਨਾ ਵਰਤ ਸਕੇ |