ਰਾੜਾ ਸਾਹਿਬ, 17 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ)- ਵਿਸ਼ਵ ਬਜ਼ੁਰਗ ਦੌੜਾਕ ਫੌਜਾ ਸਿੰਘ ਜਿੱਥੇ ਪ੍ਰਮਾਤਮਾ ਦੇ ਭਾਣੇ ਵਿਚ ਰਹਿਣ ਵਾਲੇ ਅਤੇ ਸਾਦਾ ਜੀਵਨ ਦੇ ਮਾਲਕ ਸਨ ਉੱਥੇ ਸਿੱਖ ਦਿੱਖ, ਰਹਿਣੀ ਬਹਿਣੀ ਅਤੇ ਪੰਜਾਬੀ ਪਹਿਰਾਵੇ ਦੇ ਅੰਤਰਰਾਸ਼ਟਰੀ ਦੂਤ ਸਨ | ਉਨ੍ਹਾਂ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ 200, 400, 800 ਅਤੇ 3000 ਮੀਟਰ ਦੌੜ ਤੋਂ ਇਲਾਵਾ ਮੈਰਾਥਨ ਦੌੜ ਵਿਚ ਵਿਲੱਖਣ ਕੀਰਤੀਮਾਨ ਸਥਾਪਤ ਕਰਦਿਆਂ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਸਮਾਜਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤਾ | ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦੁਨੀਆਂ ਤੋਂ ਜਾਣ ਦੀ ਉਮਰੇ ਖੇਡ ਸਫ਼ਰ ਸ਼ੁਰੂ ਕਰਕੇ ਨੌਜਵਾਨਾਂ ਅਤੇ ਖਿਡਾਰੀਆਂ ਲਈ ਪ੍ਰੇਰਨਾਸ੍ਰੋਤ ਬਣਿਆ | ਐਨੀ ਵਡੇਰੀ ਉਮਰ ਵਿਚ ਰੋਜ਼ਾਨਾ ਸ਼ੈਰ, ਸਾਦਾ ਖਾਣਾ, ਆਤਮਿਕ ਸ਼ਕਤੀ ਅਤੇ ਖ਼ੁਸ਼ ਰਹਿਣਾ ਸਮੁੱਚੇ ਜਗਤ ਲਈ ਵਿਲੱਖਣ ਜੀਵਨ ਸ਼ੈਲੀ ਦੀ ਮਿਸਾਲ ਸਨ | ਉਨ੍ਹਾਂ ਦਾ ਮਾਨਵੀ ਗ਼ਲਤੀ ਨਾਲ ਹਾਦਸੇ ਦਾ ਸ਼ਿਕਾਰ ਹੋ ਕੇ ਦੁਨੀਆਂ ਤੋਂ ਚਲੇ ਜਾਣਾ ਇੱਕ ਦੁਖਦਾਈ ਅਤੇ ਅਭੁੱਲ ਵਰਤਾਰਾ ਹੈ | ਉਨ੍ਹਾਂ ਦੀ ਯਾਦ ਨੂੰ ਸਮਰਪਿਤ ਦਿ੍ੜ੍ਹ ਇਰਾਦੇ ਦੇ ਸੰਕਲਪ ਦੇ ਪ੍ਰਤੀਕ ਵਜੋਂ ਯਾਦਗਾਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ |