ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਚੰਡੀਗੜ੍ਹ ਦਾ ਟੂਰ ਆਯੋਜਿਤ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਇਤਿਹਾਸ, ਪ੍ਰਕਿਰਤੀ, ਕਲਾ ਅਤੇ ਆਧਿਆਤਮਿਕਤਾ ਦੀਆਂ ਅਨੇਕ ਰੰਗ-ਬਿਰੰਗੀਆਂ ਝਲਕੀਆਂ ਨੂੰ ਨਜ਼ਦੀਕੋਂ ਦੇਖਿਆ | ਟੂਰ ਦੀ ਸ਼ੁਰੂਆਤ ਰੌਕ ਗਾਰਡਨ ਤੋਂ ਹੋਈ, ਜਿੱਥੇ ਨੇਕ ਚੰਦ ਜੀ ਦੀ ਕਲਾਤਮਕ ਦੂਰਦਰਸ਼ਤਾ ਦੇ ਨਜ਼ਾਰੇ ਬੱਚਿਆਂ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਸਨ | ਇਸ ਤੋਂ ਬਾਅਦ ਟੂਰ ਸੁਖਨਾਲੇਕ ਵੱਲ ਰਵਾਨਾ ਹੋਇਆ, ਜਿੱਥੇ ਝੀਲ ਦੇ ਨਿਰਮਲ ਪਾਣੀ ਅਤੇ ਹਵਾ ਦੇ ਠੰਢੇ ਝੋਕਿਆਂ ਨੇ ਸਾਰੇ ਯਾਤਰੀਆਂ ਨੂੰ ਮੋਹਿਤ ਕਰ ਦਿੱਤਾ | ਅਗੇ ਟੂਰਛੱਤ ਬੀੜ੍ਹ ਪਹੁੰਚਿਆ, ਜੋ ਪ੍ਰਕਿ੍ਤੀ ਅਤੇ ਆਧਿਆਤਮਿਕਤਾ ਦਾ ਸੁੰਦਰ ਮਿਲਾਪ ਹੈ | ਇੱਥੇ ਵਿਦਿਆਰਥੀਆਂ ਨੂੰ ਜੰਗਲਾਤ, ਪ੍ਰਾਕਿ੍ਤਿਕਵਾਤਾਵਰਣ ਅਤੇ ਲੋਕਧਾਰਾ ਦੇ ਮਹੱਤਵਪੂਰਣ ਪੱਖਾਂ ਬਾਰੇ ਅਧਿਆਪਕਾਂ ਵਲੋਂ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਰੋਜ਼ ਗਾਰਡਨ ਦਾ ਦਰਸ਼ਨ ਕੀਤਾ | ਬੱਚਿਆਂ ਨੇ ਨਦੇੜ ਸਾਹਿਬ ਅਤੇ ਫਿਰ ਅੰਬ ਸਾਹਿਬ ਗੁਰਦੁਆਰੇ ਦੇ ਪਵਿੱਤਰ ਦਰਸ਼ਨ ਕੀਤੇ | ਅੰਬ ਸਾਹਿਬ ਵਿਖੇ ਬੱਚਿਆਂ ਦੀ ਰਹਿਣ ਦੀ ਸੁਵਿਧਾ ਬੜੀ ਸੁਚੱਜੀ ਅਤੇ ਆਰਾਮਦਾਇਕ ਕੀਤੀ ਗਈ | ਵਾਪਸੀ ਦੌਰਾਨ ਪਰਮੇਸ਼ਵਰ ਦੁਆਰ ਦੇ ਦਰਸ਼ਨ ਕਰਵਾਏ ਗਏ | ਇਸ ਟੂਰ ਵਿਚ ਅਧਿਆਪਕ ਚਰਨਜੀਤ ਕੌਰ, ਸੁਖਪਾਲ ਕੌਰ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਪੂਰੇ ਟੂਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਯੋਜਿਤ ਕੀਤਾ | ਪਿ੍ੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਟੂਰ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |