ਮੌੜ ਮੰਡੀ, 5 ਨਵੰਬਰ (ਗੁਰਜੀਤ ਸਿੰਘ ਕਮਾਲੂ): ਸੂਬੇ ਨੂੰ 'ਰੰਗਲਾ ਪੰਜਾਬ' ਬਣਾ ਦੇਣ ਦੇ ਦਾਅਵਿਆਂ ਸਦਕਾ ਭਾਰੀ ਲੋਕ ਫਤਵੇ ਨਾਲ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪੰਜਾਬ ਨੇ ਰੰਗਲਾ ਤਾਂ ਕੀ ਬਨਣਾ ਸੀ, ਸਗੋਂ ਸਰਕਾਰ ਦੇ ਪੌਣੇ ਚਾਰ ਸਾਲ੍ਹ ਦੇ ਕਾਰਜਕਾਲ ਬਾਅਦ ਸੂਬੇ ਦੀ ਅਮਨ ਕਾਨੂੰਨ ਦੀ ਸਥਿੱਤੀ ਚਿੰਤਾਜਨਕ ਦੌਰ 'ਚ ਪਹੁੰਚ ਚੁੱਕੀ ਹੈ ਅਤੇ ਵਿਕਾਸ ਜ਼ਮੀਨ 'ਤੇ ਕਿਤੇ ਦਿਖਦਾ ਹੀ ਨਹੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ 'ਚ ਸਿਆਸੀ ਤੌਰ 'ਤੇ ਵਿਚਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਸਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕਈ ਪਿੰਡਾਂ 'ਚ ਵਰਕਰਾਂ ਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਉਪਰੰਤ ਕੀਤਾ | ਆਪਣੇ ਪਿਤਾ ਜੀਤਮਹਿੰਦਰ ਸਿੰਘ ਸਿੱਧੁੂ ਦੀ ਥਾਂ ਕਾਂਗਰਸੀ ਵਰਕਰਾਂ ਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਨ ਪੁੱਜੇ ਗੁਰਬਾਜ਼ ਸਿੰਘ ਸਿੱਧੂ ਨੇ ਅੱਧੀ ਦਰਜ਼ਨ ਪਿੰਡਾਂ ਦੇ ਦੌਰੇ ਉਪਰੰਤ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਲਗਾਤਾਰ ਵਿਗੜਦੀ ਸਥਿੱਤੀ ਕਾਰਣ ਪਿਛਲੇ ਵਰਿ੍ਹਆਂ ਤੋਂ ਪੰਜਾਬ 'ਚ ਕੋਈ ਉਦਯੋਗਿਕ ਨਿਵੇਸ਼ ਨਹੀ ਹੋਇਆ, ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਗੈਂਗਸਟਰਾਂ ਵਲੋਂ ਫਿਰੌਤੀਆਂ ਲਈ ਫ਼ੋਨ ਕੀਤੇ ਜਾਣ ਦੇ ਸਿਲਸਿਲੇ ਨੂੰ ਸਰਕਾਰ ਰੋਕਣ 'ਚ ਫੇਲ੍ਹ ਰਹੀ ਹੈ | ਉਨਾਂ ਕਿਹਾ ਕਿ ਜੇਕਰ ਗੱਲ ਵਿਕਾਸ ਦੀ ਕਰੀਏ ਤਾਂ ਵਿਕਾਸ ਜ਼ਮੀਨ 'ਤੇ ਤਾਂ ਕਿਧਰੇ ਨਜ਼ਰ ਨਹੀ ਆ ਰਿਹਾ, ਹੋਰ ਤਾਂ ਹੋਰ ਹਰੇਕ ਪਿੰਡ ਜਾਂ ਸ਼ਹਿਰ ਵਾਸੀ ਨੂੰ ਆਪਣੇ ਨਗਰ ਵੱਲ ਹੀ ਧਿਆਨ ਮਾਰ ਲੈਣਾ ਚਾਹੀਦਾ ਹੈ ਕਿ ਪਿਛਲੇ ਪੌਣੇ ਚਾਰ ਸਾਲ੍ਹ 'ਚ ਉਸਦੇ ਨਗਰ 'ਚ ਕੀ ਨਵਾਂ ਬਣਿਆ ਹੈ ਤਾਂ ਪਤਾ ਲੱਗ ਜਾਵੇਗਾ ਕਿ ਹਕੀਕਤ 'ਚ ਕਿੰਨ੍ਹਾਂ ਵਿਕਾਸ ਹੋਇਆ ਹੈ | ਉਨ੍ਹਾਂ ਨੇ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੱਤਾ | ਇਸ ਮੌਕੇ ਉਨ੍ਹਾਂ ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਰਜਿੰਦਰ ਸਿੰਘ ਜੋਧਪੁਰ, ਸੁਖਮੰਦਰ ਸਿੰਘ ਜੋਧਪੁਰ, ਡਾਕਟਰ ਧੰਨਾ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਵੀ ਹਾਜ਼ਰ ਸਨ |