13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਜਾ ਵੜਿੰਗ ਦੀ ਵਿਤਕਰੇ ਭਰੀ ਬਿਆਨਬਾਜ਼ੀ ਨੂੰ ਲੈ ਕੇ ਦਲਿਤ ਵਰਗ ਅਤੇ ਜਥੇਬੰਦੀਆਂ 'ਚ ਰੋਹ ਵਧਿਆ <br/>

ਅਜੀਤ ਡੈਸਕ 06-11-2025
ਬਠਿੰਡਾ, 5 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ (ਮਰਹੂਮ) ਪ੍ਰਤੀ ਉਨ੍ਹਾਂ ਦੀ ਜਾਤ, ਰੰਗ ਅਤੇ ਕਿੱਤੇ ਨੂੰ ਲੈ ਕੇ ਕੀਤੀ ਗਈ ਵਿਤਕਰੇ ਭਰੀ ਟਿੱਪਣੀ ਬਾਅਦ ਦਲਿਤ ਵਰਗ ਅਤੇ ਦਲਿਤ ਜਥੇਬੰਦੀਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਰਾਜਾ ਵੜਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜ ਰਹੀ ਹੈ | ਇਸ ਮਸਲੇ ਨੂੰ ਲੈ ਕੇ ਅੱਜ ਬਠਿੰਡਾ ਦੀਆਂ ਵੱਖ-ਵੱਖ ਦਲਿਤ ਜਥੇਬੰਦੀ ਅਤੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਰਾਜ ਵੜਿੰਗ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਮੰਗ ਪੱਤਰ ਸੌਂਪਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੇ ਸੀਨੀਅਰ ਆਗੂ ਅਤੇ ਦਲਿਤ ਅੱਤਿਆਚਾਰ ਰੋਕੋ ਸੰਘਰਸ਼ ਮੋਰਚੇ ਦੇ ਆਗੂ ਜਗਦੀਪ ਸਿੰਘ ਗਹਿਰੀ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਕੋਆਰਡੀਨੇਟਰ ਐਡਵੋਕੇਟ ਰਜਿੰਦਰ ਸਿੰਘ, ਅਕਾਲੀ ਆਗੂ ਨਰਿੰਦਰਪਾਲ ਸਿੰਘ, ਅਕਾਲੀ ਦਲ ਐੱਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਮੱਖਣ ਸਿੰਘ, ਬੇਅੰਤ ਸਿੰਘ ਕਲਿਆਣ, ਜਗਦੀਪ ਸਿੰਘ ਫੂਲ, ਸ੍ਰੀ ਗੁਰੂ ਰਵਿਦਾਸ ਮਹਾਂਸਭਾ ਬਠਿੰਡਾ ਦੇ ਜਨਰਲ ਸਕੱਤਰ ਚੇਤਰਾਮ, ਡਾ. ਅੰਬੇਡਕਰ ਮਿਸ਼ਨ ਦੇ ਪ੍ਰਧਾਨ ਸੋਹਨ ਲਾਲ, ਐਡਵੋਕੇਟ ਨਵਦੀਪ ਕਟਾਰੀਆ, ਹਰਬੰਸ ਲਾਲ ਖਿੱਚੀ, ਮਨਫੂਲ ਸਿੰਘ, ਬਲਦੇਵ ਰਾਜ, ਸੁਰੇਸ਼ ਰਾਹੀ ਅਤੇ ਬਲਵੀਰ ਸਿੰਘ ਨੇ ਕਿਹਾ ਕਿ ਸਮੁੱਚੇ ਦਲਿਤ ਵਰਗ ਤੇ ਮਜ਼੍ਹਬੀ ਸਿੱਖ ਕੌਮ ਨੇ ਹਰ ਖੇਤਰ ਵਿਚ ਲਾਸਾਨੀ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਪਣੀ ਯੋਗਤਾ ਅਤੇ ਬਲਬੂਤੇ ਦੇ ਆਧਾਰ 'ਤੇ ਵੱਡੇ-ਵੱਡੇ ਰੁਤਬੇ ਹਾਸਿਲ ਕੀਤੇ ਹਨ ਤੇ ਇਸੇ ਤਰ੍ਹਾਂ ਮਜ਼੍ਹਬੀ ਸਿੱਖ ਕੌਮ ਦੇ ਸਿਰਕੱਢ ਆਗੂ ਬੂਟਾ ਸਿੰਘ ਨੇ ਸਿਆਸਤ ਵਿਚ ਪੈਰ ਧਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਵਰਗਾ ਵੱਕਾਰੀ ਅਤੇ ਅਹਿਮ ਰੁਤਬਾ ਪ੍ਰਾਪਤ ਕੀਤਾ ਪਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਰਨਤਾਰਨ ਦੀ ਚੱਲ ਰਹੀ ਉਪ ਚੋਣ ਮੌਕੇ ਇਕ ਚੋਣ ਜਲਸੇ ਵਿਚ ਬੂਟਾ ਸਿੰਘ ਦੇ ਰੰਗ, ਜਾਤ ਅਤੇ ਕਿੱਤੇ ਪ੍ਰਤੀ ਭੱਦੀ ਬਿਆਨਬਾਜ਼ੀ ਕਰਕੇ ਉਨ੍ਹਾਂ ਸਮੇਤ ਸਮੁੱਚੇ ਮਜ਼੍ਹਬੀ ਸਿੱਖ ਭਾਈਚਾਰੇ ਅਤੇ ਦਲਿਤ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਝੀ ਹਰਕਤ ਕੀਤੀ ਹੈ | ਦਲਿਤ ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਬੂਟਾ ਸਿੰਘ ਦੀ ਉਸ ਸਮੇਂ ਦੀ ਉੱਚ ਦਰਜੇ ਦੀ ਪੜਾਈ ਅਤੇ ਕਾਬਲੀਅਤ ਨੂੰ ਅਹਿਮੀਅਤ ਨਹੀਂ ਦਿੱਤੀ, ਸਗੋਂ ਉਨ੍ਹਾਂ ਦੀ ਜਾਤੀ, ਰੰਗ ਤੇ ਮਜ਼ਦੂਰੀ ਵਰਗੇ ਕਿੱਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਲੋਂ ਸਿਆਸਤ ਵਿਚ ਦਿੱਤੇ ਰੁਤਬੇ ਦਾ ਜ਼ਿਕਰ ਕੀਤਾ ਜਦਕਿ ਇਹ ਸਭ ਕੁਝ ਬੂਟਾ ਸਿੰਘ ਨੇ ਆਪਣੀ ਕਾਬਲੀਅਤ ਰਾਹੀਂ ਪ੍ਰਾਪਤ ਕੀਤਾ ਨਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਥਾਲ਼ੀ ਵਿਚ ਪਰੋਸ ਕੇ ਦਿੱਤਾ | ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਰਾਜਾ ਵੜਿੰਗ ਨੇ ਆਪਣੀ ਦਲਿਤ ਸਮਾਜ ਅਤੇ ਦਲਿਤ ਆਗੂਆਂ ਪ੍ਰਤੀ ਮਨਸਾ ਨੂੰ ਜੱਗ ਜ਼ਾਹਿਰ ਕੀਤਾ, ਜਿਸ ਲਈ ਉਹ ਸਮੁੱਚੇ ਦਲਿਤ ਵਰਗ ਅਤੇ ਮਜ਼੍ਹਬੀ ਸਿੱਖ ਕੌਮ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਖ਼ਿਲਾਫ਼ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਰਾਜਾ ਵੜਿੰਗ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਬੱਚਿਆਂ ਦੁਆਰਾ ਗੁਰਪੁਰਬ ਸ਼ਰਧਾ ਪੂਰਵਕ ਮਨਾਇਆ <br/> ਅਗਲੀ ਖ਼ਬਰ ਕਲੇਅ ਇੰਡੀਆ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਕਲਾ ਮੁਕਾਬਲਿਆਂ ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।