ਬਠਿੰਡਾ, 8 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸੰਯੁਕਤ ਕਿਸਾਨ ਮੋਰਚਾ ਵਲੋਂ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੇ ਮੁੱਦੇ ਨੂੰ ਲੈ ਕੇ ਬਠਿੰਡਾ ਸਮੇਤ ਜ਼ਿਲ੍ਹੇ ਭਰ 'ਚ ਬਿਜਲੀ ਦਫ਼ਤਰਾਂ ਮੂਹਰੇ ਧਰਨੇ ਲਗਾ ਕੇ ਰੋਸ ਵਿਖਾਵੇ ਕੀਤੇ ਗਏ ਤੇ ਉਕਤ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਸਥਾਨਕ ਥਰਮਲ ਕਾਲੋਨੀ ਦੇ ਗੇਟ ਨੰਬਰ ਤਿੰਨ ਮੂਹਰੇ ਲਗਾਏ ਗਏ ਰੋਸ ਧਰਨੇ ਦੀ ਅਗਵਾਈ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ, ਥਰਮਲ ਪਲਾਂਟ ਠੇਕਾ ਮੁਲਾਜ਼ਮ ਆਗੂ ਬੱਬਲ, ਭਾਕਿਯੂ ਮਾਲਵਾ ਦੇ ਆਗੂ ਜਗਜੀਤ ਸਿੰਘ ਕੋਟਸ਼ਮੀਰ, ਭਾਕਿਯੂ ਡਕੌਂਦਾ (ਬੁਰਜਗਿੱਲ) ਦੇ ਆਗੂ ਅਮਰਜੀਤ ਹਨੀ ਤੇ ਕਿਸਾਨ ਸਭਾ ਦੇ ਆਗੂ ਨੈਬ ਸਿੰਘ ਫੂਸਮੰਡੀ ਨੇ ਕਿਹਾ ਕਿ ਬਿਜਲੀ ਮਹਿਕਮੇ ਅਤੇ ਬੀਜਾਂ ਦਾ ਨਿੱਜੀਕਰਨ ਲਈ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਵਿਚ ਪੇਸ਼ ਕਰਨ ਲਈ ਸੂਬਾ ਸਰਕਾਰਾਂ ਤੋਂ ਸਲਾਹਾਂ ਮੰਗੀਆਂ ਹਨ, ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਕਰਨ ਦੀ ਬਜਾਏ ਚੁੱਪ ਧਾਰੀ ਹੋਈ ਹੈ। ਇਹ ਬਿੱਲ ਲਾਗੂ ਹੋਣ ਨਾਲ ਗਰੀਬ ਲੋਕਾਂ ਨੂੰ ਮਿਲਦੀ ਸਬਸਿਡੀ ਬੰਦ ਹੋਵੇਗੀ ਅਤੇ ਖੇਤੀ ਮੋਟਰਾਂ ਲਈ ਮਿਲਦੀ ਮੁਫ਼ਤ ਬਿਜਲੀ ਦੀਆਂ ਕੀਮਤਾਂ ਵੀ ਬਹੁਤ ਵੱਧ ਜਾਣਗੀਆਂ। ਬੀਜ ਸੋਧ ਬਿਲ 2025 ਦੇ ਲਾਗੂ ਹੋਣ ਨਾਲ ਬੀਜ ਬਣਾਉਣ ਵਾਲੀਆਂ ਕੰਪਨੀਆਂ ਦਾ ਹੀ ਬੀਜ ਕਿਸਾਨ ਬੀਜ ਸਕਣਗੇ ਅਤੇ ਕਿਤੋਂ ਹੋਰ ਬੀਜ ਖ਼ਰੀਦ ਕੇ ਬੀਜਣ 'ਤੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਾਉਣ ਦਾ ਸਬੰਧਿਤ ਨਿੱਜੀ ਕੰਪਨੀ ਕੋਲ ਅਧਿਕਾਰ ਹੋਵੇਗਾ। ਆਗੂਆਂ ਨੇ ਸਰਕਾਰ ਦੇ ਲੋਕਾਂ 'ਤੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਸਮੂਹ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ।
ਸੰਯੁਕਤ ਕਿਸਾਨ ਮੋਰਚਾ ਵਲੋਂ ਬਠਿੰਡਾ ਸਮੇਤ ਜ਼ਿਲੇ੍ਹ ਭਰ 'ਚ ਬਿਜਲੀ ਦਫ਼ਤਰਾਂ ਮੂਹਰੇ ਰੋਸ ਵਿਖਾਵੇ
ਅਜੀਤ ਡੈਸਕ
09-12-2025