ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਐਸ਼ਨ (ਗੇਰਾ) ਦੇ ਸਹਿਯੋਗ ਨਾਲ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ 'ਐਜੂਕਾਨ 2025' ਦਾ ਉਦਘਾਟਨ ਕੀਤਾ | ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ 2 ਅਤੇ 3 ਦਸੰਬਰ ਨੂੰ ਇਹ ਕਾਨਫਰੰਸ 'ਐਜੂਕੇਸ਼ਨ ਫ਼ਾਰ ਸਸਟੇਨਿੰਗ ਕਲਾਈਮੇਟ ਐਂਡ ਰਿਜ਼ੀਲੈਂਸ: ਹਿਊਮਨਿਸਟਿਕ ਪਰਸਪੈਕਟਿਵਜ਼' ਥੀਮ 'ਤੇ ਕੇਂਦਿ੍ਤ ਹੈ, ਜਿਸ ਦਾ ਉਦੇਸ਼ ਸਿੱਖਿਆ ਨੂੰ ਜਲਵਾਯੂ ਸਥਿਰਤਾ, ਰਿਜ਼ੀਲੈਂਸ ਅਤੇ ਮਨੁੱਖੀ ਮੁੱਲਾਂ ਨਾਲ ਜੋੜਦੇ ਹੋਏ ਕੁਦਰਤ ਸੰਭਾਲ 'ਤੇ ਵਿਸ਼ਵ ਪੱਧਰੀ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ | ਉਦਘਾਟਨੀ ਸੈਸ਼ਨ ਵਿਚ ਐਨਸੀਟੀਈ ਦੇ ਚੇਅਰਮੈਨ ਪ੍ਰੋ. ਪੰਕਜ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਜਲਵਾਯੂ ਜ਼ਿੰਮੇਵਾਰੀ ਸਿਰਫ਼ ਵਿਗਿਆਨਕ ਜਾਂ ਤਕਨੀਕੀ ਮਾਮਲਾ ਨਹੀਂ, ਸਗੋਂ ਮਨੁੱਖੀ ਸੰਵੇਦਨਾਵਾਂ, ਨੈਤਿਕਤਾ ਅਤੇ ਹਮਦਰਦੀ ਨਾਲ ਜੁੜੀ ਹੋਈ ਸਮੂਹਕ ਜ਼ਿੰਮੇਵਾਰੀ ਹੈ | ਉਦਘਾਟਨੀ ਸਮਾਰੋਹ ਵਿਚ ਐਸਐਨਡੀਟੀ ਵੁਮੈਨ ਯੂਨੀਵਰਸਿਟੀ, ਮੁੰਬਈ ਦੀ ਸਾਬਕਾ ਵਾਈਸ-ਚਾਂਸਲਰ ਪ੍ਰੋ. ਵਸੁਧਾ ਕਾਮਤ ਨੇ 'ਕਲਾਸਰੂਮਜ਼ ਟੂ ਕਲਾਈਮੇਟ ਐਕਸ਼ਨ: ਰੀਇਮੈਜਿਨਿੰਗ ਐਜੂਕੇਸ਼ਨ' ਵਿਸ਼ੇ 'ਤੇ ਮੁੱਖ ਭਾਸ਼ਣ ਦਿੱਤਾ | ਆਪਣੇ ਸਵਾਗਤੀ ਸੰਬੋਧਨ ਵਿਚ ਡਿਨ-ਇੰਚਾਰਜ ਅਕਾਦਮਿਕਸ ਪ੍ਰੋ. ਆਰ.ਕੇ. ਵੁਸੀਰਿਕਾ ਨੇ ਕਿਹਾ ਕਿ ਵਾਤਾਵਰਣਕ ਸਥਿਰਤਾ ਅਤੇ ਜਲਵਾਯੂ ਸਿੱਖਿਆ ਇਕ ਜ਼ਿੰਮੇਵਾਰ ਭਵਿੱਖ ਦੀ ਨੀਂਹ ਹਨ | ਇਸ ਮੌਕੇ 'ਤੇ ਗੇਰਾ ਦੇ ਪ੍ਰਧਾਨ ਪ੍ਰੋ. ਐਸ.ਪੀ. ਮਲਹੋਤਰਾ ਅਤੇ ਗੇਰਾ ਹੈੱਡਕੁਆਰਟਰ ਦੇ ਪ੍ਰਧਾਨ ਪ੍ਰੋ. ਐਸ.ਕੇ. ਬਾਵਾ ਨੇ ਸਮੂਹਿਕ ਸਿੱਖਿਆ ਅਤੇ ਸੰਵਾਦ-ਅਧਾਰਿਤ ਅਕਾਦਮਿਕ ਸਹਿਯੋਗ ਦੇ ਵਿਜ਼ਨ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਸਮਾਰੋਹ ਦੌਰਾਨ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ, ਪ੍ਰੋਫੈਸਰ ਜਗਤਾਰ ਸਿੰਘ ਧੀਮਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਪ੍ਰੋਗਰਾਮ ਆਰਗੈਨਾਈਜ਼ਿੰਗ ਸਕੱਤਰ ਡਾ. ਸ਼ਮਸ਼ੀਰ ਸਿੰਘ ਢਿੱਲੋਂ (ਸਿੱਖਿਆ ਵਿਭਾਗ ਮੁਖੀ ਅਤੇ ਡੀਨ), ਆਰਗੈਨਾਈਜ਼ਿੰਗ ਸਕੱਤਰ ਪ੍ਰੋ. ਦੀਪਕ ਚੌਹਾਨ (ਡੀਨ, ਸਕੂਲ ਆਫ਼ ਲੀਗਲ ਸਟੱਡੀਜ਼), ਜੌਇੰਟ ਆਰਗੈਨਾਈਜ਼ਿੰਗ ਸਕੱਤਰ ਪ੍ਰੋ. ਵਿਪਨ ਪਾਲ ਸਿੰਘ (ਅੰਗਰੇਜ਼ੀ ਵਿਭਾਗ ਮੁਖੀ) ਅਤੇ ਜੌਇੰਟ ਆਰਗੈਨਾਈਜ਼ਿੰਗ ਸਕੱਤਰ ਡਾ. ਸੰਜੀਵ ਕੁਮਾਰ (ਇਤਿਹਾਸ ਵਿਭਾਗ ਮੁਖੀ) ਦੀ ਅਗਵਾਈ ਹੇਠ ਸੁਚਾਰੂ ਤਰੀਕੇ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ |