ਲਹਿਰਾ ਮੁਹੱਬਤ, 7 ਨਵੰਬਰ (ਸੁਖਪਾਲ ਸਿੰਘ ਸੁੱਖੀ)-ਪੀ.ਐੱਸ.ਈ.ਬੀ ਇੰਜੀਨੀਅਰ ਐਸੋਸੀਏਸ਼ਨ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਰੀਜ਼ਨ ਦੇ ਇੰਜੀਨੀਅਰਾਂ ਨੇ ਪਾਵਰਕਾਮ ਮੈਨੇਜਮੈਂਟ ਵਲੋ ਇੰਜ. ਹਰੀਸ਼ ਸ਼ਰਮਾ ਮੁੱਖ ਇੰਜੀਨੀਅਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀ ਮੁਅੱਤਲੀ ਅਤੇ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ ਨੂੰ ਹਟਾਉਣ ਦੇ ਢੰਗ-ਤਰੀਕੇ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਰੋਸ ਰੈਲੀ ਦੌਰਾਨ ਨਾਅਰੇਬਾਜ਼ੀ ਕੀਤੀ | ਜਿਸ ਵਿਚ ਥਰਮਲ ਪਲਾਂਟ ਵਿਖੇ ਤੈਨਾਤ ਸਮੂਹ ਇੰਜੀਨੀਅਰਾਂ ਨੇ ਭਾਗ ਲਿਆ ਅਤੇ ਮੈਨੇਜਮੈਂਟ ਵਲੋਂ ਜਿਸ ਤਰ੍ਹਾਂ ਬੇਬੁਨਿਆਦ ਅਤੇ ਗੈਰ ਤਕਨੀਕੀ ਤੱਥਾਂ ਦੇ ਅਧਾਰ 'ਤੇ ਉਪਰੋਕਤ ਦੋਵੇਂ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ | ਬਾਰੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ | ਇੰਜੀਨੀਅਰਜ਼ ਐਸੋਸੀਏਸ਼ਨ ਦੀ ਲਹਿਰਾ ਮੁਹੱਬਤ ਇਕਾਈ ਦੇ ਖੇਤਰੀ ਸਕੱਤਰ ਇੰਜ. ਕੁਲਵਿੰਦਰ ਸਿੰਘ ਗਿੱਲ ਵਲੋਂ ਦੱਸਿਆ ਦੋਵੇਂ ਇੰਜੀਨੀਅਰਾਂ 'ਤੇ ਲਗਾਏ ਦੋਸ਼ ਜਿਸ ਵਿਚ ਲਗਭਗ 35-40 ਸਾਲ ਪਹਿਲਾਂ ਲੱਗੇ ਅਤੇ ਪੁਰਾਣੀ ਸਬ-ਕਿ੍ਟੀਕਲ ਤਕਨੀਕ 'ਤੇ ਆਧਾਰਤ ਥਰਮਲ ਪਲਾਂਟਾਂ ਦਾ ਨਵੀਨਤਮ ਸੁਪਰ-ਕਿ੍ਟੀਕਲ ਤਕਨੀਕ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਤੁਲਨਾ ਕਰਦੇ ਹੋਏ, ਸਰਕਾਰੀ ਥਰਮਲ ਪਲਾਂਟਾਂ ਵਿਚ ਕੋਲੇ ਦਾ ਖਰਚਾ 0.75 ਰੁਪਏ ਤੋਂ 1.25 ਰੁਪਏ ਪ੍ਰਤੀ ਯੂਨਿਟ ਰੇਟ ਜ਼ਿਆਦਾ ਹੋਣ ਦਾ ਬੇਬੁਨਿਆਦ ਦੋਸ਼ ਲਾਇਆ ਹੈ | ਜਦੋਂ ਕਿ ਮਹੀਨਾ ਸਤੰਬਰ-2025 ਦੌਰਾਨ ਥਰਮਲ ਪਲਾਂਟਾਂ ਨੂੰ ਚਲਾਉਣ ਲਈ ਮੈਰਿਟ ਆਰਡਰ ਡਿਸਪੈਚ (ਐਮ.ਓ.ਡੀ.) ਜੋ ਕਿ ਮਹਿਕਮੇ ਦੇ ਪਾਵਰ ਪਰਚੇਜ਼ ਅਤੇ ਰੈਗੂਲੇਸ਼ਨ ਵਿੰਗ ਵਲੋਂ ਜਾਰੀ ਕੀਤਾ ਜਾਂਦਾ ਹੈ | ਨਵੀਂ ਤਕਨਾਲੋਜੀ ਦੇ ਪ੍ਰਾਈਵੇਟ ਥਰਮਲ ਤਲਵੰਡੀ ਸਾਬੋ ਦਾ ਬਿਜਲੀ ਬਣਾਉਣ ਦਾ ਖਰਚਾ 3.77 ਰੁਪਏ ਪ੍ਰਤੀ ਯੂਨਿਟ ਸੀ | ਪੁਰਾਣੀ ਸਬ-ਕਿ੍ਟੀਕਲ ਤਕਨੀਕ ਆਧਾਰਿਤ ਗੋਇੰਦਵਾਲ ਸਾਹਿਬ ਅਤੇ ਰੋਪੜ ਵਿਖੇ ਸਥਾਪਿਤ ਸਰਕਾਰੀ ਥਰਮਲ ਪਲਾਂਟਾਂ ਵਿਖੇ ਕ੍ਰਮਵਾਰ 3.81 ਰੁਪਏ ਪ੍ਰਤੀ ਯੂਨਿਟ ਅਤੇ 3.91 ਰੁਪਏ ਪ੍ਰਤੀ ਯੂਨਿਟ ਸੀ | ਅਸਲ ਵਿਚ ਫ਼ਰਕ ਸਿਰਫ਼ 04 ਤੋਂ 14 ਪੈਸੇ ਦਾ ਹੈ, ਪ੍ਰੰਤੂ ਉਪਰੋਕਤ ਘਟਨਾਕ੍ਰਮ ਤੋਂ ਇਹ ਜਾਪਦਾ ਹੈ ਕਿ ਮੈਨੇਜਮੈਂਟ ਅਤੇ ਸਰਕਾਰ ਇੰਜੀਨੀਅਰਾਂ ਵਿਚ ਸਿਰਫ਼ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਕੇ ਪਾਵਰਕਾਮ ਅਤੇ ਟਰਾਂਸਕੋ ਦੀਆਂ ਜ਼ਮੀਨਾਂ ਨੂੰ ਲੁਕਵੇਂ ਏਜੰਡੇ ਰਾਂਹੀ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ | ਇਸ ਤੋਂ ਇਲਾਵਾ ਪਾਵਰਕਾਮ ਦੀ ਖ਼ੁਦਮੁਖ਼ਤਿਆਰੀ ਨੂੰ ਢਾਹ ਲਾਉਂਦੇ ਹੋਏ ਮਹਿਕਮੇ ਦੇ ਕੰਮਾਂ ਸੰਬੰਧੀ ਫ਼ੈਸਲੇ ਲੈਣ ਲਈ ਅਧਿਕਾਰਤ ਬੋਰਡ ਆਫ਼ ਡਾਇਰੈਕਟਰਜ਼ ਦੇ ਅਖਤਿਆਰਾਂ ਤੇ ਕੰਟਰੋਲ ਕਰਨ ਨੀਤ ਹੈ | ਲਹਿਰਾ ਮੁਹੱਬਤ ਇਕਾਈ ਨੇ ਅਪੀਲ ਕੀਤੀ ਸਮੂਹ ਇੰਜੀਨੀਅਰ ਪੰਜਾਬ ਸਰਕਾਰ ਦੇ ਟੀਚਿਆਂ ਅਨੁਸਾਰ ਲੋਕਾਂ ਨੂੰ ਬਿਹਤਰ ਸੇਵਾਵਾਂ ਅਤੇ ਨਿਰਵਿਘਨ ਸਪਲਾਈ ਦੇਣ ਲਈ ਬਚਨਵੱਧ ਹਨ | ਇਸ ਲਈ ਸਰਕਾਰ ਨੂੰ ਕਿਸੇ ਵੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਜਿਸ ਨਾਲ ਇੰਜੀਨੀਅਰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣ ਅਤੇ ਮਹਿਕਮੇ ਵਿਚ ਅਣਸੁਖਾਵਾਂ ਮਾਹੌਲ ਪੈਦਾ ਹੋਣ ਕਾਰਨ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਦੇ ਟੀਚਿਆਂ ਵਿਚ ਕੋਈ ਵਿਘਨ ਪਵੇ |
ਪਾਵਰਕਾਮ ਇੰਜੀਨੀਅਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਦੌਰਾਨ ਨਾਅਰੇਬਾਜ਼ੀ <br/>
ਅਜੀਤ ਡੈਸਕ
08-11-2025