ਚਾਉਕੇ, 6 ਨਵੰਬਰ(ਮਨਜੀਤ ਸਿੰਘ ਘੜੈਲੀ)- ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਅਤੇ ਪੰਚਾਇਤ ਦੀਆਂ ਮਹਿਲਾ ਪੰਚਾਂ ਦਾ ਵਫ਼ਦ ਨੇ ਔਰਤਾਂ ਨਾਲ ਸਬੰਧਿਤ ਮੁੱਦਿਆਂ ਬਾਰੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਨਾਲ ਮੁਲਾਕਾਤ ਕੀਤੀ | ਇਸ ਮੌਕੇ ਗਿੱਲ ਨੂੰ ਸੀਨੀਅਰ ਵਾਇਸ ਚੇਅਰਪਰਸਨ ਦਾ ਅਹੁਦਾ ਸੰਭਾਲਣ ਦੀ ਮੁਬਾਰਕਬਾਦ ਦਿੱਤੀ | ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਔਰਤਾਂ ਨਾਲ ਸਬੰਧਿਤ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ 'ਤੇ ਘਰੇਲੂ ਹਿੰਸਾ ਰੋਕਣ ਲਈ ਅੱਗੇ ਆਉਣ | ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ 'ਚ ਅੱਤਿਆਚਾਰ ਅਤੇ ਵਿਤਕਰੇ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ | ਔਰਤਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ 'ਤੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਪੰਚਾਇਤਾਂ ਉਸਾਰੂ ਭੂਮਿਕਾ ਨਿਭਾਉਣ | ਇਸ ਮੌਕੇ ਮਹਿਲਾ ਸਰਪੰਚ ਅਮਰਜੀਤ ਕੌਰ ਬੱਲ੍ਹੋ ਨੇ ਦਫ਼ਤਰਾਂ 'ਚ ਸਰਕਾਰੀ ਕੰਮਕਾਜ 'ਚ ਔਰਤਾਂ ਦੀ ਪਹਿਲ ਦੇ ਅਧਾਰ 'ਤੇ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਕਿ ਔਰਤਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ | ਉਨ੍ਹਾਂ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪੰਚ ਹਰਵਿੰਦਰ ਕੌਰ ਤੇ ਰਾਜਵੀਰ ਕੌਰ ਨੇ ਪਿੰਡ 'ਚ ਔਰਤਾਂ ਨਾਲ ਚਲਾਈਆਂ ਜਾਂਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਸਰਪੰਚ ਕਰਮਜੀਤ ਕੌਰ ਗਿੱਲ ਕਲਾਂ, ਹਰਬੰਸ ਸਿੰਘ ਫ਼ੌਜੀ, ਸੁਖਪਾਲ ਕੌਰ ਬੱਲ੍ਹੋ, ਹਰਦੀਪ ਸਿੰਘ, ਗੁਰਦੀਪ ਸਿੰਘ ਤੇ ਅਮਰਵੀਰ ਸਿੰਘ ਹਾਜ਼ਰ ਸਨ |