ਮੌੜ ਮੰਡੀ, 5 ਨਵੰਬਰ (ਗੁਰਜੀਤ ਸਿੰਘ ਕਮਾਲੂ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਤਮ-ਨਿਰਭਰ ਭਾਰਤ ਅਤੇ ਵਿਕਸਤ ਭਾਰਤ ਦੀ ਸਿਰਜਣਾ ਕਰਨ ਦੇ ਮੰਤਵ ਨਾਲ ਜੋ ਹਰ ਘਰ ਸਵਦੇਸ਼ੀ ਘਰ-ਘਰ ਸਵਦੇਸ਼ੀ ਦਾ ਨਾਅਰਾ ਦਿੱਤਾ ਗਿਆ ਹੈ, ਇਸ ਨਾਲ ਦੇਸ਼ ਸਮਾਜਿਕ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਮੌੜ ਦੇ ਕੋਆਰਡੀਨੇਟਰ ਦਿਆਲ ਸੋਢੀ ਨੇ ਅੱਜ ਮੌੜ ਮੰਡੀ ਵਿਖੇ ਕੀਤਾ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਿਆਲ ਸੋਢੀ ਨੇ ਕਿਹਾ ਕਿ ਦੇਸ਼ ਦੇ ਹਰ ਵਿਧਾਨ ਸਭਾ ਹਲਕੇ ਵਿਚ ਸਵਦੇਸ਼ੀ ਵਸਤਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਵਿਚ ਅੱਜ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸੈਮੀਨਾਰ ਵਿਚ ਭਾਜਪਾ ਵਰਕਰਾਂ ਨੂੰ ਸਵਦੇਸ਼ੀ ਵਸਤੂਆਂ ਦੀ ਵਰਤੋਂ ਦਾ ਸੰਕਲਪ ਦਿਵਾਇਆ ਗਿਆ ਅਤੇ ਇਸ ਸੰਕਲਪ ਦੇ ਤੌਰ 'ਤੇ ਫਾਰਮ ਵੀ ਭਰਵਾਏ ਗਏ | ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਸਵਦੇਸ਼ੀ ਵਸਤਾਂ ਦੀ ਵਰਤੋਂ ਨਾਲ ਜਿੱਥੇ ਦੇਸ਼ ਦੇ ਵਪਾਰੀਆਂ ਨੂੰ ਲਾਭ ਹੋਵੇਗਾ ਉੱਥੇ ਹੀ ਦੇਸ਼ ਦਾ ਖ਼ਜ਼ਾਨੇ ਨੂੰ ਵੀ ਮਜ਼ਬੂਤੀ ਮਿਲੇਗੀ | ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੇ ਹਰ ਖੇਤਰ ਵਿਚ ਆਤਮਨਿਰਭਰਤਾ ਦਿਖਾਈ ਹੈ, ਇਸ ਦਾ ਸਬੂਤ ਇਹ ਹੈ ਕਿ ਆਪੇ੍ਰਸ਼ਨ ਸਿੰਦੂਰ ਦੌਰਾਨ ਦੇਸ਼ ਅੰਦਰ ਹੀ ਬਣੇ ਹਥਿਆਰਾਂ ਨਾਲ ਦੇਸ਼ ਦੀ ਫ਼ੌਜ ਨੇ ਦੁਸ਼ਮਣ ਦੇਸ਼ ਦੇ ਦੰਦ ਖੱਟੇ ਕੀਤੇ ਹਨ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹਰ ਘਰ ਸਵਦੇਸ਼ੀ, ਘਰ ਘਰ ਸਵਦੇਸ਼ੀ ਸੰਕਲਪ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਅਤੇ ਦੇਸ਼ ਦੀ ਮਜ਼ਬੂਤੀ ਵਿਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਰਜਿੰਦਰ ਬੇਬੀ, ਜੀਵਨ ਕੁਮਾਰ ਗੁਪਤਾ, ਚੰਦਰ ਮੋਹਣ, ਸਤਨਾਮ ਸਿੰਘ ਕਮਾਲੂ ਆਦਿ ਤੋਂ ਇਲਾਵਾ ਭਾਜਪਾ ਵਰਕਰ ਹਾਜ਼ਰ ਸਨ |