ਬਠਿੰਡਾ, 21 ਜੁਲਾਈ (ਸ. ਰਿ.)-ਸੂਬੇ ਦੀਆਂ ਮੁੱਖ ਸੜਕਾਂ ਤੇ ਲਿੰਕ ਸੜਕਾਂ 'ਤੇ ਵਧ ਰਹੇ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ 'ਚ ਵਾਧਾ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਟਰੈਫ਼ਿਕ ਪੁਲਿਸ ਤੇ ਪ੍ਰਸ਼ਾਸਨ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਭੁੱਚੋ ਨਜ਼ਦੀਕ ਹੋਏ ਦਰਦਨਾਕ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕੀਤਾ | ਮਲੂਕਾ ਨੇ ਕਿਹਾ ਕਿ ਤਾਜ਼ਾ ਅੰਕੜੇ ਦੱਸਦੇ ਹਨ ਕਿ ਦੇਸ਼ 'ਚ ਰੋਜ਼ਾਨਾ ਸੜਕ ਹਾਦਸਿਆਂ 'ਚ ਤਕਰੀਬਨ 550 ਲੋਕ ਕੀਮਤੀ ਜਾਨਾਂ ਗੁਆ ਦਿੰਦੇ ਹਨ ਅਤੇ ਇਨ੍ਹਾਂ ਵਿਚ ਪੰਜਾਬ ਦਾ ਨੰਬਰ ਵੀ ਕਾਫ਼ੀ ਉੱਪਰ ਹੈ, ਜੋ ਚਿੰਤਾ ਦਾ ਵਿਸ਼ਾ ਹੈ | ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕਰਨਾ ਸਰਕਾਰਾਂ ਦਾ ਮੱੁਢਲਾ ਫ਼ਰਜ਼ ਹੈ | ਮੱੁਖ ਮੰਤਰੀ ਨੇ ਸੜਕ ਹਾਦਸਿਆਂ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ, ਪਰ ਜ਼ਮੀਨੀ ਪੱਧਰ 'ਤੇ ਸਥਿਤੀ 'ਚ ਕੋਈ ਸੁਧਾਰ ਨਹੀਂ ਦਿਖ ਰਿਹਾ | ਜ਼ਿਆਦਾਤਰ ਹੋਣ ਵਾਲੇ ਹਾਦਸਿਆਂ 'ਚ ਦੋ ਪਹੀਆ ਵਾਹਨ ਚਾਲਕਾਂ ਦਾ ਵੱਡਾ ਨੁਕਸਾਨ ਹੀ ਵੇਖਣ ਨੂੰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ 'ਚ ਆਮ ਧਾਰਨਾ ਹੈ ਕਿ ਟਰੈਫ਼ਿਕ ਪੁਲਿਸ ਟਾਰਗੈਟ ਪੂਰੇ ਕਰਨ ਲਈ ਕੁਝ ਖ਼ਾਸ ਦਿਨ੍ਹਾਂ ਤੇ ਥੋੜੇ ਸਮੇਂ ਲਈ ਚੈਕਿੰਗ ਕਰਦੀ ਹੈ | ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਟਰੈਫ਼ਿਕ ਪੁਲਿਸ ਨੂੰ ਗੰਭੀਰ ਹੋਣ ਦੀ ਲੋੜ ਹੈ | ਲੋਕਾਂ ਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਵਰਗ ਨੂੰ ਵੀ ਚਾਹੀਦਾ ਹੈ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਜ਼ਰੂਰ ਕਰਨ |