ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜੱਜ ਸਪੈਸ਼ਲ ਕੋਰਟ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਾਢੇ 12 ਸਾਲ ਪਹਿਲਾਂ ਦਰਜ ਹੋਏ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚੋਂ ਦੋ ਜਣਿਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਦਕਿ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਪਹਿਲਾਂ ਹੀ 10-10 ਸਾਲ ਦੀ ਸਜ਼ਾ ਹੋ ਚੁੱਕੀ ਹੈ | ਦੱਸਣਯੋਗ ਹੈ ਕਿ 21 ਜਨਵਰੀ 2013 ਨੂੰ ਏ.ਐੱਸ.ਆਈ. ਮਨਜੀਤ ਸਿੰਘ ਸੀ.ਆਈ.ਏ. ਯੂਨਿਟ ਬਰਨਾਲਾ ਸਮੇਤ ਪੁਲਿਸ ਪਾਰਟੀ ਨਸ਼ੀਲੇ ਪਦਾਰਥਾਂ ਦੀ ਚੈਕਿੰਗ ਸੰਬੰਧੀ ਮੌੜ ਮੰਡੀ ਦੇ ਰਾਮਪੁਰਾ ਚੌਕ ਵਿਚ ਮੌਜੂਦ ਸੀ ਕਿ ਇਸ ਦੌਰਾਨ ਮੌੜ ਮੰਡੀ ਦੀ ਤਰਫ਼ੋਂ ਇਕ ਟਰੱਕ ਆਇਆ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤੇ ਜਾਣ ਮਗਰੋਂ ਟਰੱਕ ਚਾਲਕ ਨੇ ਟਰੱਕ ਭਜਾ ਲਿਆ | ਹਾਲਾਂਕਿ ਪੁਲਿਸ ਨੇ ਪਿੱਛਾ ਕਰਕੇ ਟਰੱਕ ਨੂੰ ਥੋੜਾ ਅੱਗੇ ਜਾ ਕੇ ਰੋਕਿਆ ਪਰ ਇਸ ਦੌਰਾਨ ਟਰੱਕ ਵਿਚੋਂ ਉੱਤਰ ਕੇ ਇਕ ਵਿਅਕਤੀ ਭੱਜਣ ਵਿਚ ਸਫ਼ਲ ਹੋ ਗਿਆ, ਜਦਕਿ ਟਰੱਕ 'ਚ ਬੈਠੇ ਦੋ ਵਿਅਕਤੀਆਂ ਨੇ ਪੁਲਿਸ ਦੀ ਪੁੱਛ-ਗਿੱਛ ਦੌਰਾਨ ਆਪਣਾ ਨਾਮ ਗੁਰਨਾਮ ਸਿੰਘ ਵਾਸੀ ਦੌਲੇਵਾਲਾ, ਜਿਲ੍ਹਾ ਮੋਗਾ ਅਤੇ ਦੂਸਰੇ ਨੇ ਸਿਲੰਦਰ ਸਿੰਘ ਵਾਸੀ ਸਮਾਣਾ ਜਿਲ੍ਹਾ ਪਟਿਆਲਾ ਦੱਸਿਆ | ਜਦਕਿ ਭੱਜਣ ਵਾਲੇ ਦਾ ਨਾਮ ਸੁੱਖਾ ਸਿੰਘ ਵਾਸੀ ਮਹਿਤਪਰ ਜ਼ਿਲ੍ਹਾ ਜਲੰਧਰ ਦੱਸਿਆ | ਪੁਲਿਸ ਨੇ ਸ਼ੱਕ ਦੇ ਚਲਦਿਆਂ ਟਰਾਲੇ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 55 ਬੋਰੀਆਂ ਭੁੱਕੀ ਬਰਾਮਦ ਹੋਈ | ਟਰੱਕ ਵਿਚੋਂ ਮਿਲੀ ਆਰ.ਸੀ. ਦੇ ਅਧਾਰ 'ਤੇ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਵਾਸੀ ਪਰਜੀਆ ਬਿਹਾਰੀਪੁਰ ਜਿਲ੍ਹਾ ਲੁਧਿਆਣਾ ਹਾਲ ਅਬਾਦ ਬਰਨਾਲਾ ਨੂੰ ਵੀ ਪਰਚੇ 'ਚ ਨਾਮਜ਼ਦ ਕਰ ਲਿਆ ਸੀ, ਜਿਸ ਮਗਰੋਂ ਥਾਣਾ ਕੋਟ ਫੱਤਾ ਵਿਚ ਉਕਤਾਂ ਖਿਲਾਫ਼ ਧਾਰਾ 15/25/61/85 ਐੱਨ. ਡੀ. ਪੀ. ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਪੁਲਿਸ ਦੁਆਰਾ ਉਕਤ ਚਾਰੇ ਜਣਿਆਂ ਖਿਲਾਫ਼ ਚਲਾਣ ਪੇਸ਼ ਕਰਨ ਮਗਰੋਂ ਅਦਾਲਤ ਨੇ ਡਰਾਈਵਰ ਸਮੇਤ ਦੋ ਜਣਿਆਂ ਨੂੰ ਪਹਿਲਾਂ ਹੀ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ, ਜਦਕਿ ਹੁਣ ਅਦਾਲਤ ਨੇ ਪਰਮਜੀਤ ਸਿੰਘ ਪੰਮਾ ਤੇ ਸਿਲੰਦਰ ਸਿੰਘ ਦੇ ਹੱਕ 'ਚ ਫੈਸਲਾ ਸੁਣਾਉਂਦਿਆ ਉਨ੍ਹਾਂ ਨੂੰ ਉਕਤ ਦੋਸ਼ਾਂ 'ਚੋਂ ਬਰੀ ਕਰਕੇ ਰਾਹਤ ਦਿੱਤੀ ਹੈ |