ਲਹਿਰਾ ਮੁਹੱਬਤ, 18 ਜੁਲਾਈ (ਚਰਨਜੀਤ ਸਿੰਘ)-ਥਰਮਲ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ) ਵਲੋਂ ਪਲਾਂਟ ਦੇ ਮੁੱਖ ਗੇਟ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀਵਾਲਾ ਨੇ ਦੱਸਿਆ ਕਿ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ, ਪੈਨਸ਼ਨਰ ਫੈਡਰੇਸ਼ਨ ਏਟਕ ਪੰਜਾਬ ਅਤੇ ਵੈੱਲਫੇਅਰ ਪੈਨਸ਼ਨਰ ਫੈਡਰੇਸ਼ਨ ਪੰਜਾਬ ਵਲੋਂ ਰੋਸ ਦਾ ਸਾਂਝਾ ਸੱਦਾ ਦਿੱਤਾ ਗਿਆ ਸੀ | ਆਗੂ ਲਖਵੰਤ ਸਿੰਘ ਬਾਂਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਜਗਦੀਸ਼ ਰਾਮਪੁਰਾ, ਜਗਦੇਵ ਸਿੰਘ ਮਾਨ, ਗੁਰਸੇਵਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਘੇ 2 ਜੂਨ ਨੂੰ ਮੀਟਿੰਗ 'ਚ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਟਾਲਮਟੋਲ ਦੀ ਨੀਤੀ 'ਤੇ ਚੱਲ ਰਹੀ ਹੈ ਜੋ ਕਿ ਬਿਜਲੀ ਮੁਲਾਜ਼ਮਾਂ ਨਾਲ ਧੋਖਾ ਹੈ | ਪਾਵਰਕਾਮ ਦੇ ਇਸ ਵਤੀਰੇ ਪ੍ਰਤੀ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਥਰਮਲ ਪਲਾਂਟ ਅਧਿਕਾਰੀਆਂ ਵਲੋਂ ਐੱਸ.ਐੱਸ.ਏ. ਮੁਲਾਜ਼ਮਾਂ ਨੂੰ ਯੂਸੀਬੀ 'ਚ ਤੈਨਾਤ ਕਰਨ ਦੀ ਨਿਖੇਧੀ ਕਰਦਿਆਂ ਅਸਲ ਥਾਵਾਂ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ | ਆਗੂ ਕੇਸਵ ਅਧਿਕਾਰੀ, ਗੁਰਭੇਜ ਸਿੰਘ, ਨਵਜੋਤ ਸਿੰਘ, ਜਸ਼ਨਦੀਪ ਸਿੰਘ, ਗੁਰਲਾਲ ਸਿੰਘ ਗਿੱਲ, ਸਤਿੰਦਰ ਸਿੰਘ ਬਿੰਦੀ, ਜਤਿੰਦਰ ਕੁਮਾਰ, ਬਲਦੀਪ ਸਿੰਘ, ਅਰੁਣਜੋਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰੀਸ਼ ਕੁਮਾਰ, ਅਜੈਬ ਸਿੰਘ, ਭਾਰਤ ਕਲੋਹਤਰਾ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਅੰਮਿ੍ਤਸਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਇਸ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਇਸ ਸਮੇਂ ਥਰਮਲ ਪਲਾਂਟ ਦੇ ਸੈਂਕੜੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ |