ਬਠਿੰਡਾ, 16 ਜੁਲਾਈ (ਪੱਤਰ ਪ੍ਰੇਰਕ)-ਥਾਣਾ ਮੋੜ ਪੁਲਿਸ ਵਲੋਂ ਹੋਟਲ ਡਰੀਮ ਇੰਨ ਵਿਚੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਕੋਲੋਂ ਇਕ ਦੇਸੀ ਕੱਟਾ (ਅਸਲਾ) ਬਰਾਮਦ ਕੀਤਾ ਗਿਆ ਹੈ | ਪੁਲਿਸ ਨੇ ਇਸ ਮਾਮਲੇ 'ਚ ਦੋ ਵਿਅਕਤੀਆਂ ਦੇ ਖਿਲਾਫ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਮੌੜ 'ਚ ਹੋਟਲ ਡਰੀਮ ਇੰਨ ਦੇ ਮੈਨੇਜਰ ਗੁਰਵਿੰਦਰ ਸਿੰਘ ਵਾਸੀ ਪਿੰਡ ਭਾਗੀਬਾਂਦਰ ਅਤੇ ਸਹਾਇਕ ਮੈਨੇਜਰ ਪਾਲੀ ਸਿੰਘ ਵਾਸੀ ਤਲਵੰਡੀ ਸਾਬੋ ਕੋਲ ਇਕ ਦੇਸੀ ਕੱਟਾ (ਅਸਲਾ) ਹੈ, ਜੋ ਕਿ ਉਨ੍ਹਾਂ ਨੇ ਗ਼ੈਰ-ਕਾਨੰੂਨੀ ਰੱਖਿਆ ਹੋਇਆ ਹੈ | ਪੁਲਿਸ ਟੀਮ ਵਲੋਂ ਹੋਟਲ ਵਿਚ ਛਾਪੇਮਾਰੀ ਕਰਦੇ ਹੋਏ ਹੋਟਲ ਦੇ ਸਹਾਇਕ ਮੈਨੇਜਰ ਪਾਲੀ ਸਿੰਘ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਕੋਲੋਂ ਦੇਸੀ ਕੱਟਾ ਬਰਾਮਦ ਕੀਤਾ ਗਿਆ ਹੈ | ਜਦਕਿ ਮੈਨੇਜਰ ਗੁਰਵਿੰਦਰ ਸਿੰਘ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਉਹ ਇਹ ਅਸਲਾ ਕਿਸ ਵਿਅਕਤੀ ਕੋਲੋਂ ਲੈ ਕੇ ਆਏ ਸਨ |