ਬਠਿੰਡਾ, 15 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ-ਮਲੋਟ ਰੋਡ 'ਤੇ ਪਿੰਡ ਬੱਲੂਆਣਾ ਨਜ਼ਦੀਕ ਸਥਿਤ ਟੋਲ ਪਲਾਜੇ ਨਜ਼ਦੀਕ ਸੀ.ਐੱਨ.ਜੀ. ਗੈਸ ਨਾਲ ਭਰੇ ਟੈਂਕਰ ਦੇ ਲੱਦੇ ਵੱਡੇ ਗੈਸ ਸਿਲੰਡਰ ਅਚਾਨਕ ਲੀਕ ਹੋ ਗਏ, ਜਿਸ ਦੌਰਾਨ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਗੈਸ ਦੀ ਲੀਕੇਜ ਦੇ ਸ਼ੋਰ ਕਾਰਨ ਕਾਫੀ ਅਫਰਾ-ਤਫੜੀ ਮੱਚੀ ਰਹੀ ਤੇ ਕੁਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ | ਗੈਸ ਟੈਂਕਰ ਦੇ ਡਰਾਈਵਰ ਕਿ੍ਸ਼ਨ ਲਾਲ ਨੇ ਦੱਸਿਆ ਕਿ ਉਸ ਨੇ ਉਕਤ ਟੈਂਕਰ 'ਚ ਬਠਿੰਡਾ ਦੀਆਂ ਝੀਲਾਂ ਨੇੜੇ ਸਥਿਤ ਸੀ. ਐੱਨ. ਜੀ. ਗੈਸ ਦੇ ਪੰਪ ਤੋਂ ਗੈਸ ਨਾਲ ਭਰੇ 60 ਸਿਲੰਡਰ ਲੱਦੇ ਸਨ, ਜਿਨ੍ਹਾਂ ਨੂੰ ਅੱਗੇ ਸੀਤੋ-ਗੁੰਨੋ ਨਜ਼ਦੀਕ ਸਥਿਤ ਦੋਦਾ ਕੱਲਰ ਵਿਖੇ ਸੀ. ਐੱਨ. ਜੀ. ਪੰਪ 'ਤੇ ਪਹੁੰਚਾਉਣਾ ਸੀ, ਪਰ ਇਸ ਦੌਰਾਨ ਜਦੋਂ ਉਹ ਟੈਂਕਰ ਲੈ ਕੇ ਬਠਿੰਡਾ-ਮਲੋਟ ਰੋਡ 'ਤੇ ਬੱਲੂਆਣਾ ਟੋਲ ਪਾਲਾਜਾ ਨਜ਼ਦੀਕ ਪੁੱਜਿਆ ਤਾਂ ਅਚਾਨਕ ਇਕ ਸਿਲੰਡਰ 'ਚੋਂ ਗੈਸ ਲੀਕ ਹੋ ਗਈ | ਉਸ ਨੇ ਦੱਸਿਆ ਕਿ ਉਕਤ ਸਾਰੇ ਸਿਲੰਡਰ ਇਕ-ਦੂਜੇ ਨਾਲ ਅਟੈਚ ਹੁੰਦੇ ਹਨ, ਜਿਸ ਲਈ ਇਕ ਸਿਲੰਡਰ ਤੋਂ ਗੈਸ ਲੀਕ ਹੋਣ 'ਤੇ ਸਾਰੇ ਸਿਲੰਡਰ ਉਸ ਦੀ ਮਾਰ 'ਚ ਆਉਂਦੇ ਹਨ ਤੇ ਇਸ ਅਟੈਚਮੈਂਟ ਕਾਰਨ ਉਸ ਦੀ ਗੱਡੀ 'ਚ ਲੱਦੇ ਸਾਰੇ 60 ਸਿਲੰਡਰ ਖਾਲੀ ਹੋ ਗਏ, ਜਿਨ੍ਹਾਂ 'ਚ ਪ੍ਰਤੀ ਸਿਲੰਡਰ 100 ਕਿੱਲੋ ਗੈਸ ਭਰੀ ਸੀ | ਡਰਾਈਵਰ ਨੇ ਕਿਹਾ ਕਿ ਉਸ ਨੇ ਤੁਰੰਤ ਕੰਪਨੀ ਨੂੰ ਸੂਚਿਤ ਕੀਤਾ, ਜਿਸ ਬਾਅਦ ਬਠਿੰਡਾ ਤੋਂ ਇਲਾਵਾ ਅੰਮਿ੍ਤਸਰ ਤੋਂ ਜਾਂਚ ਟੀਮ ਘਟਨਾ ਸਥਾਨ 'ਤੇ ਪੁੱਜੀ ਤੇ ਜਾਂਚ ਲਈ ਟੈਂਕਰ ਨੂੰ ਗੰਗਾਨਗਰ ਭੇਜ ਦਿੱਤਾ | ਉਸ ਨੇ ਕਿਹਾ ਕਿ ਵੱਡੀ ਮਾਤਰਾ 'ਚ ਗੈਸ ਲੀਕ ਹੋਣ ਕਾਰਨ ਹੋਏ ਆਰਥਿਕ ਨੁਕਸਾਨ ਬਾਰੇ ਕੰਪਨੀ ਪ੍ਰਬੰਧਕ ਹੀ ਦੱਸ ਸਕਦੇ ਹਨ, ਜਦਕਿ ਉਨ੍ਹਾਂ ਦਾ ਕੰਮ ਗੈਸ ਦੀ ਸਪਲਾਈ ਕਰਨਾ ਹੈ |