ਬਠਿੰਡਾ, 15 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਦੀ ਬਿਲਡਿੰਗ ਬਰਾਂਚ ਟੀਮ ਵਲੋਂ ਸ਼ਹਿਰ ਦੀ ਭਿੰਡਰ ਕਾਲੋਨੀ ਅਤੇ ਉੱਧਮ ਸਿੰਘ ਨਗਰ ਵਿਚਕਾਰ ਗਲੀ ਵਿਚ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਜੇ. ਸੀ. ਬੀ. ਮਸ਼ੀਨ ਨਾਲ ਢਾਹਿਆ ਗਿਆ ਹੈ | ਨਿਗਮ ਅਧਿਕਾਰੀਆਂ ਅਨੁਸਾਰ ਕਈ ਲੋਕਾਂ ਵਲੋਂ ਭਿੰਡਰ ਕਾਲੋਨੀ ਅਤੇ ਉੱਧਮ ਸਿੰਘ ਨਗਰ ਦੀ ਗਲੀ ਵਿਚਕਾਰ ਨਜਾਇਜ਼ ਤੌਰ 'ਤੇ ਦੀਵਾਰ ਦੀ ਉਸਾਰੀ ਕੀਤੀ ਗਈ ਸੀ | ਇਸ ਤੋਂ ਇਲਾਵਾ ਉੱਧਮ ਸਿੰਘ ਨਗਰ ਦੀ ਗਲੀ ਨੰਬਰ-7, 11 ਅਤੇ 13 ਵਿਚ ਵੀ ਨਜਾਇਜ਼ ਕਬਜ਼ੇ ਕੀਤੇ ਗਏ ਸਨ | ਉਨ੍ਹਾਂ ਵਲੋਂ ਕਾਰਵਾਈ ਕਰਦੇ ਹੋਏ ਜੇਸੀਬੀ ਮਸ਼ੀਨ ਨਾਲ ਢਾਹਿਆ ਗਿਆ ਹੈ | ਨਿਗਮ ਦੇ ਬਿਲਡਿੰਗ ਇੰਸਪੈਕਟਰ ਅਨੂੰ ਬਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਕਿ ਭਿੰਡਰ ਕਾਲੋਨੀ ਅਤੇ ਉਸ ਦੇ ਨਾਲ ਉੱਧਮ ਸਿੰਘ ਨਗਰ ਗਲੀ ਵਿਚਕਾਰ ਦੀਵਾਰ ਦੀ ਉਸਾਰੀ ਕਰਕੇ ਗਲੀ ਨੂੰ ਬੰਦ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਨਿਗਮ ਦੇ ਅਧਿਕਾਰੀ ਏਟੀਪੀ ਸਤੀਸ਼ ਕੁਮਾਰ, ਬਿਲਡਿੰਗ ਇੰਸਪੈਕਟਰ ਅਕਸ਼ੇ, ਅਵਤਾਰ ਸਿੰਘ ਤੋਂ ਇਲਾਵਾ ਪੁਲਿਸ ਟੀਮਾਂ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਉਨ੍ਹਾਂ ਵਲੋਂ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਹੈ | ਬਿਲਡਿੰਗ ਇੰਸਪੈਕਟਰ ਅਨੂੰ ਬਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੋ ਕਬਜ਼ੇ ਹਟਾਏ ਗਏ ਹਨ, ਉਨ੍ਹਾਂ ਵਿਚ ਇਕ ਅਦਾਲਤ ਵਿਚ ਕੇਸ ਚੱਲ ਰਿਹਾ ਹੈ |