13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਗਸੀਪਾ ਦੀ ਸਿਖਲਾਈ ਦੌਰਾਨ 'ਰਾਜ ਭਾਸ਼ਾ ਐਕਟ' ਬਾਰੇ ਦਿੱਤੀ ਗਈ ਜਾਣਕਾਰੀ <br/>

ਅਜੀਤ ਡੈਸਕ 27-12-2025
ਫ਼ਿਰੋਜ਼ਪੁਰ, 26 ਦਸੰਬਰ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਗਸੀਪਾ ਖੇਤਰੀ ਕੇਂਦਰ ਬਠਿੰਡਾ ਵਲੋਂ ਨਵੇਂ ਭਰਤੀ ਹੋਏ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਦਫ਼ਤਰੀ ਕੰਮ-ਕਾਜ ਬਾਰੇ ਅਤੇ ਦਫ਼ਤਰੀ ਨਿਯਮਾਂ ਬਾਰੇ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਦੇ ਮੀਟਿੰਗ ਹਾਲ ਵਿਚ ਤਿੰਨ ਰੋਜ਼ਾ ਸਿਖਲਾਈ ਦਿੱਤੀ ਗਈ | ਇਸ ਵਿਚ ਵੱਖ-ਵੱਖ ਵਿਭਾਗਾਂ ਦੇ 30 ਦੇ ਕਰੀਬ ਅਧਿਕਾਰੀਆਂ/ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਇਹ ਸਿਖਲਾਈ ਓਮ ਪ੍ਰਕਾਸ਼, ਪੀ. ਸੀ. ਐੱਸ. (ਸੇਵਾ ਮੁਕਤ) ਰਿਜਨਲ ਪ੍ਰੋਜੈਕਟ ਡਾਇਰੈਕਟਰ ਮਗਸੀਪਾ ਬਠਿੰਡਾ ਦੀ ਅਗਵਾਈ ਵਿਚ ਕਰਵਾਈ ਗਈ | ਇਸ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ ਭਾਗੀਦਾਰਾਂ ਨੂੰ ਕਾਨੂੰਨੀ ਅਤੇ ਦਫ਼ਤਰੀ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ |ਇਸ ਸਿਖਲਾਈ ਦੌਰਾਨ ਡਾ. ਜਗਦੀਪ ਸਿੰਘ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੇ ਦਫ਼ਤਰੀ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨ ਲਈ ਪ੍ਰੇਰਦਿਆਂ ਰਾਜ ਭਾਸ਼ਾ ਐਕਟ ਅਨੁਸਾਰ 100 ਫ਼ੀਸਦੀ ਦਫ਼ਤਰੀ ਕੰਮ ਪੰਜਾਬੀ ਭਾਸ਼ਾ ਵਿਚ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਦਫ਼ਤਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਤਾਂ ਪਾਇਆ ਜਾਂਦਾ ਹੈ ਕਿ ਭਾਵੇਂ ਬਹੁਤ ਸਾਰੇ ਅਧਿਕਾਰੀ/ ਕਰਮਚਾਰੀ ਪੰਜਾਬੀ ਭਾਸ਼ਾ ਵਿਚ ਕੰਮ ਕਰਦੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਅਣਗਹਿਲੀ ਹੋ ਰਹੀ ਹੈ | ਇਸ ਲਈ ਸਾਨੂੰ ਸੁਚੇਤ ਹੋ ਕੇ ਇਸ ਐਕਟ ਅਨੁਸਾਰ ਕੰਮ ਕਾਜ 100 ਫ਼ੀਸਦੀ ਪੰਜਾਬੀ ਭਾਸ਼ਾ ਵਿਚ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ | ਇਸ ਮੌਕੇ ਬੋਲਦਿਆਂ ਓਮ ਪ੍ਰਕਾਸ਼ ਪ੍ਰੋਜੈਕਟ ਡਾਇਰੈਕਟਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਕਾਰੀਆਂ ਕਰਮਚਾਰੀਆਂ ਨੂੰ ਦਫ਼ਤਰਾਂ ਵਿਚ ਕੰਮ ਕਰਵਾਉਣ ਆਏ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਨੇ ਚਾਹੀਦੇ ਹਨ | ਉਹਨਾਂ ਇਹ ਵੀ ਕਿਹਾ ਕਿ ਰਾਜ ਭਾਸ਼ਾ ਐਕਟ ਅਨੁਸਾਰ ਕੰਮ ਕਰਦਿਆਂ ਜੇਕਰ ਕਿਸੇ ਪੱਧਰ 'ਤੇ ਸ਼ਬਦਾਂ ਦੇ ਅਨੁਵਾਦ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਸਬੰਧੀ ਭਾਸ਼ਾ ਵਿਭਾਗ ਤੋਂ ਅਗਵਾਈ ਲੈਣੀ ਚਾਹੀਦੀ ਹੈ | ਇਸ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਲੋਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਪ੍ਰਬੰਧਕੀ ਸ਼ਬਦਾਵਲੀ ਵੀ ਭੇਟ ਕੀਤੀ ਗਈ | ਜਿਸ ਵਿਚ ਦਫ਼ਤਰੀ ਕੰਮ ਕਾਜ ਦੌਰਾਨ ਵਰਤੇ ਜਾਂਦੇ ਵਿਭਿੰਨ ਸ਼ਬਦਾਂ ਦਾ ਅਨੁਵਾਦ ਪੰਜਾਬੀ ਭਾਸ਼ਾ ਵਿਚ ਕੀਤਾ ਗਿਆ ਹੈ | ਓਮ ਪ੍ਰਕਾਸ਼ ਨੇ ਸਿਖਲਾਈ ਪ੍ਰਾਪਤ ਕਰਨ ਆਏ ਵੱਖ-ਵੱਖ ਅਧਿਕਾਰੀਆਂ/ ਕਰਮਚਾਰੀਆਂ ਨੂੰ ਕਿਹਾ ਕਿ ਇਹ ਭਾਸ਼ਾ ਵਿਭਾਗ, ਪੰਜਾਬ ਦੀ ਇਕ ਮਹੱਤਵਪੂਰਨ ਪੁਸਤਕ ਹੈ ਜੋ ਸਾਡੇ ਦਫ਼ਤਰੀ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਕਰਨ ਵਿਚ ਸਹਾਈ ਹੁੰਦੀ ਹੈ | ਸਿਖਲਾਈ ਦਾ ਸੁਚਾਰੂ ਪ੍ਰਬੰਧ ਮਨਦੀਪ ਸਿੰਘ ਮਗਸੀਪਾ ਕੋਆਰਡੀਨੇਟਰ ਦੀ ਦੇਖ ਰੇਖ ਹੇਠ ਹੋਇਆ | ਇਸ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕਰਮਚਾਰੀ ਚੇਤਨ ਕੁਮਾਰ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਫ਼ਿਰੋਜ਼ਸ਼ਾਹ ਪਾਵਰ ਕਾਮ ਦੇ 6 ਫੀਡਰਾਂ ਦੀ ਸਪਲਾਈ ਅੱਜ ਬੰਦ ਰਹੇਗੀ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।