ਫਿਰੋਜ਼ਪੁਰ, 20 ਨਵੰਬਰ (ਸੁਖਵਿੰਦਰ ਸਿੰਘ/ਰਕੇਸ਼ ਚਾਵਲਾ)-ਪੰਜਾਬ ਸਰਕਾਰ ਵਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦਾ ਫ਼ਿਰੋਜ਼ਪੁਰ ਦੇ ਪਿੰਡ ਗੋਲੇਵਾਲਾ ਵਿਖੇ ਪਹੁੰਚਣ 'ਤੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਯਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਉਪਰੰਤ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਸੱਤ ਨੰਬਰ ਚੰੁਗੀ ਚੌਂਕ, ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸਿਖ਼ਾ ਸ਼ਰਮਾ ਅਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਅਲੌਕਿਕ ਨਗਰ ਕੀਰਤਨ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਗੁਰੂ ਸਾਹਿਬ ਜੀ ਨੂੰ ਬੈਂਡ ਦੀ ਧੁਨਾਂ ਨਾਲ ਆਦਰ ਸਹਿਤ ਸਲਾਮੀ ਦਿੱਤੀ | ਸਰਕਾਰੀ ਪ੍ਰਾਇਮਰੀ ਸਕੂਲ ਫ਼ਿਰੋਜ਼ਸ਼ਾਹ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਅਰਮਾਨ ਪੁਰਾ ਦੇ ਬੱਚਿਆਂ ਨੇ ਵੀ ਬੈਂਡ-ਵਾਜੇ ਨਾਲ ਨਗਰ ਕੀਰਤਨ ਨੂੰ ਸਲਾਮੀ ਦਿੱਤੀ | ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ-ਸ਼ਹੀਦ ਊਧਮ ਸਿੰਘ ਚੌਂਕ- ਮੱਲਵਾਲ ਰੋਡ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜ਼ਾਮਨੀ ਸਾਹਿਬ ਬਾਜ਼ੀਦਪੁਰ ਲਈ ਰਵਾਨਾ ਹੋਇਆ | ਇਸ ਦੌਰਾਨ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਯਾ ਨੇ ਫਿਰੋਜ਼ਪੁਰ ਦੀ ਹਦੂਦ ਅੰਦਰ ਨਗਰ ਕੀਰਤਨ ਦੇ ਗੋਲੇਵਾਲਾ ਪਹੁੰਚਣ ਤੇ ਹਾਜ਼ਰੀ ਭਰਦੇ ਹੋਏ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਚਾਰ ਵਿਸ਼ਾਲ ਨਗਰ ਕੀਰਤਨਾਂ ਚੋਂ ਬਾਬਾ ਫਰੀਦ ਜੀ ਦੇ ਤਪ ਅਸਥਾਨ ਰਿਆਸਤੀ ਕਿਲ੍ਹਾ ਮੁਬਾਰਕ ਫ਼ਰੀਦਕੋਟ ਤੋਂ ਅੱਜ ਸਵੇਰੇ ਇਹ ਨਗਰ ਕੀਰਤਨ ਰਵਾਨਾ ਹੋਇਆ ਜੋ ਕਿ ਫ਼ਿਰੋਜ਼ਪੁਰ, ਮੋਗਾ, ਜਗਰਾਉਂ, ਲੁਧਿਆਣਾ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਹੁੰਦੇ ਹੋਏ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ | ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਨੇ ਫਿਰੋਜ਼ਪੁਰ ਛਾਉਣੀ ਵਿਖੇ ਸੱਤ ਨੰਬਰ ਚੰੁਗੀ 'ਤੇ ਨਗਰ ਕੀਰਤਨ ਦੇ ਪਹੁੰਚਣ 'ਤੇ ਸਤਿਕਾਰ ਸਹਿਤ ਹਾਜ਼ਰੀ ਭਰੀ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਇਹ ਪਵਿੱਤਰ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਸ਼ਾਂਤੀ, ਦਇਆ ਅਤੇ ਧਾਰਮਿਕ ਆਜ਼ਾਦੀ ਦੇ ਸਦੀਵੀ ਸੰਦੇਸ਼ ਦੀ ਪੇ੍ਰਰਨਾ ਦੇਣਗੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਇਸ ਮੌਕੇ ਭਾਈ ਮਰਦਾਨਾ ਸੁਸਾਇਟੀ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਵੀ ਇਸ ਨਗਰ ਕੀਰਤਨ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਆਈ.ਏ.ਐੱਸ (ਅੰਡਰ ਟਰੇਨਿੰਗ) ਲਿੰਦਿਯਾ, ਡਿਪਟੀ ਕਮਿਸ਼ਨਰ ਵਿਕਾਸ ਨਿਧੀ ਕੁਮਦ ਬੰਬਾਹ, ਐਸ.ਡੀ.ਐਮ ਫਿਰੋਜ਼ਪੁਰ ਗੁਰਦੇਵ ਸਿੰਘ ਧੰਮ, ਸਹਾਇਕ ਕਮਿਸ਼ਨਰ ਸਿਮਰਨਜੀਤ ਸਮੇਤ ਹੋਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ/ਕਰਮਚਾਰੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਫ਼ਿਰੋਜ਼ਪੁਰ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
ਨਗਰ ਕੀਰਤਨ ਦੌਰਾਨ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਨਿਹੰਗ ਸਿੰਘ | (ਸੱਜੇ) ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਬੈਂਡ ਵਜਾਉਂਦੇ ਹੋਏ | ਤਸਵੀਰਾਂ-ਸੁਖਵਿੰਦਰ ਸਿੰਘ <br/> ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਫਿਰੋਜ਼ਪੁਰ ਪੁਲਿਸ ਵਲੋਂ ਨਿੱਘਾ ਸਵਾਗਤ ਕਰਦੇ ਹੋਏ | (ਸੱਜੇ) ਫਿਰੋਜ਼ਪੁਰ ਦਿਹਾਤੀ ਵਿਧਾਇਕ ਰਜਨੀਸ਼ ਦਹੀਆ, ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਨਤਮਸਤਕ ਹੁੰਦੇ ਹੋਏ | <br/>
21-11-2025